ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜੂਨ
ਛੇਹਰਟਾ ਇਲਾਕੇ ਵਿੱਚ ਪੀਣ ਵਾਲਾ ਪਾਣੀ ਸਾਫ ਨਾ ਆਉਣ ਕਾਰਨ ਅੱਜ ਇੱਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਲੋਕਾਂ ਦੇ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਇਸ ਹਲਕੇ ਦੇ ਵਿਧਾਇਕ ਅਤੇ ਨਿਗਮ ਪ੍ਰਸ਼ਾਸਨ ਵੱਲੋਂ ਅੱਖਾਂ ਤੇ ਕੰਨ ਬੰਦ ਕੀਤੇ ਹੋਏ ਹਨ। ਪ੍ਰਦਰਸ਼ਨ ਵੇਲੇ ਵੱਖ ਵੱਖ ਮੁਹੱਲਿਆਂ ਤੋਂ ਔਰਤਾਂ ਇੱਥੇ ਇਕੱਠੀਆਂ ਹੋਈਆਂ ਸਨ, ਜਿਨ੍ਹਾਂ ਨੇ ਦੂਸ਼ਿਤ ਪਾਣੀ ਵੀ ਆਪਣੇ ਨਾਲ ਲਿਆਂਦਾ ਹੋਇਆ ਸੀ।ਲੋਕਾਂ ਨੇ ਦੋਸ਼ ਲਾਇਆ ਕਿ ਦੂਸ਼ਿਤ ਪਾਣੀ ਨੂੰ ਪੀਣ ਕਾਰਨ ਕਈ ਲੋਕ ਬਿਮਾਰ ਹੋ ਚੁੱਕੇ ਹਨ।
ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਕਾਂਗਰਸੀ ਆਗੂ ਰਮਨ ਬਖਸ਼ੀ ਨੇ ਦੋਸ਼ ਲਾਇਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਹ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਹੈ ਪਰ ਹੁਣ ਤੱਕ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਕਾਰਵਾਈ ਨਹੀਂ ਹੋਈ। ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਆਖਿਆ ਕਿ ਲੋਕ ਆਪ ਆਗੂਆਂ ਤੋਂ ਖ਼ਫ਼ਾ ਹਨ। ਇਸ ਸਬੰਧ ਵਿਚ ਲੋਕ ਆਪ ਆਗੂਆਂ ਨੂੰ ਮਿਲੇ ਹਨ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ ਅਤੇ ਇਹ ਆਪ ਆਗੂ ਸੰਗਰੂਰ ਉਪ ਚੋਣ ਵਿਚ ਲੱਗੇ ਰਹੇ ਹਨ। ਇਸ ਮੌਕੇ ਹਲਕੇ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਉਹ ਭੰਡਾਰੀ ਪੁਲ ’ਤੇ ਆਵਾਜਾਈ ਰੋਕਣਗੇ। ਇਸ ਦੌਰਾਨ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਮੌਕੇ ’ਤੇ ਪੁੱਜੇ ਸਨ ਅਤੇ ਲੋਕਾਂ ਨੂੰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ।