ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਸਤੰਬਰ
ਸੂਬੇ ਵਿੱਚ ਵਿਗੜ ਲਈ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੰਜਾਬ ਕਾਂਗਰਸ ਵੱਲੋਂ ਅੱਜ ਵੱਖ-ਵੱਖ ਥਾਵਾਂ ’ਤੇ ਪੁਲੀਸ ਅਧਿਕਾਰੀਆਂ ਦੇ ਦਫਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ ਹਨ।
ਇਸ ਤਹਿਤ ਜ਼ਿਲ੍ਹਾ ਸ਼ਹਿਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਪੱਪੂ ਦੀ ਅਗਵਾਈ ਹੇਠ ਪੁਲੀਸ ਦੇ ਏਸੀਪੀ, ਸਾਬਕਾ ਵਿਧਾਇਕ ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ ਏਸੀਪੀ ਪੱਛਮੀ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬਸੀ ਦੀ ਅਗਵਾਈ ਹੇਠ ਏਡੀਸੀਪੀ ਦੇ ਦਫਤਰ ਦੇ ਬਾਹਰ ਰੋਸ ਵਿਖਾਵੇ ਕੀਤੇ ਗਏ। ਇਸੇ ਤਰ੍ਹਾਂ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਅਜਨਾਲਾ ਵਿੱਚ ਡੀਐੱਸਪੀ ਦੇ ਦਫਤਰ ਦੇ ਬਾਹਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿਖੇ ਰੋਸ ਵਿਖਾਵਾ ਕੀਤਾ ਗਿਆ। ਕਾਂਗਰਸੀ ਕਾਰਕੁਨਾਂ ਨੇ ਹੱਥਾਂ ਵਿੱਚ ਤਖਤੀਅ ਫੜੀਆਂ ਹੋਈਆਂ ਸਨ ਅਤੇ ਸਰਕਾਰ ਖਿਲਾਫ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਕਾਂਗਰਸੀ ਆਗੂ ਦਿਨੇਸ਼ ਵਸੀ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਦਿਨੋਂ ਦਿਨ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ। ਸਰਕਾਰ ਅਪਰਾਧੀਆਂ ਨੂੰ ਸੁਰੱਖਿਆ ਦੇ ਰਹੀ ਹੈ ਅਤੇ ਲੋਕਾਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ ਅਤੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਵਪਾਰੀ ਵਰਗ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਇਸੇ ਤਰ੍ਹਾਂ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਹਲਕਾ ਦੱਖਣੀ ਵਿਧਾਨ ਸਭਾ ਹਲਕੇ ਦੇ ਕਾਂਗਰਸੀਆਂ ਵੱਲੋਂ ਪੁਲੀਸ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਵੱਖ ਵੱਖ ਥਾਵਾਂ ਤੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰ ਕੋਲ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਕੋਈ ਨੀਤੀ ਨਹੀਂ ਹੈ ਅਤੇ ਨਾ ਹੀ ਮੁੱਖ ਮੰਤਰੀ ਕੋਲ ਸੂਬੇ ਦੇ ਵਾਸਤੇ ਸਮਾਂ ਹੈ। ਰੋਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਥਾਵਾਂ ਤੇ ਪੁਲੀਸ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪੰਜਾਬ ਅੰਦਰ ਫੈਲੇ ਭ੍ਰਿਸ਼ਟਾਚਾਰ, ਜੁਰਮ ਤੇ ਨਸ਼ੇ ਨੂੰ ਖਤਮ ਕਰਨ ਵਿੱਚ ਨਾਕਾਮ ਸਾਬਤ ਹੋਈ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਿਰੁੱਧ ਕਾਂਗਰਸ ਦੇ ਬਲਾਕ ਧਾਰੀਵਾਲ ਦੇ ਪ੍ਰਧਾਨ ਗੁਰਨਾਮ ਸਿੰਘ ਜਫਰਵਾਲ ਅਤੇ ਸ਼ਹਿਰੀ ਪ੍ਰਧਾਨ ਸਰਦਾਰੀ ਲਾਲ ਰਣੀਆਂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮਗਰੋਂ ਗੁਰਦਾਸਪੁਰ ਪਹੁੰਚ ਕੇ ਹਲਕੇ ਦੇ ਸਬੰਧਿਤ ਡੀਐੱਸਪੀ ਕੁਲਵੰਤ ਸਿੰਘ ਮਾਨ ਨੂੰ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸੂਬਾ ਆਗੂ ਬਰਿੰਦਰ ਸਿੰਘ ਛੋਟੇਪੁਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਮਜੀਠਾ (ਰਾਜਨ ਮਾਨ/ਲਖਨਪਾਲ): ਵਿਧਾਨ ਸਭਾ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਇਹ ਪੰਜਾਬ ਵਿਚਲੀ ਭਗਵੰਤ ਮਾਨ ਦੀ ਸਰਕਾਰ ਪਿਛਲੇ ਢਾਈ ਤਿੰਨ ਸਾਲਾਂ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।
ਅਜਨਾਲਾ (ਸੁਖਦੇਵ ਸੁੱਖ): ਇੱਥੇ ਅੱਜ ਡੀਐੱਸਪੀ ਦਫਤਰ ਅਜਨਾਲਾ ਦੇ ਬਾਹਰ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਧਰਨਾ ਲਾਇਆ ਗਿਆ।
ਬਟਾਲਾ (ਦਲਬੀਰ ਸੱਖੋਵਾਲੀਆ): ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਅੱਜ ਹਲਕਾ ਬਟਾਲਾ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਐੱਸਐੱਸਪੀ ਦਫਤਰ ਅੱਗੇ ਧਰਨਾ ਦਿੱਤਾ ਅਤੇ ਮੰਗ ਪੱਤਰ ਦਿੱਤਾ ਗਿਆ।
ਦੀਨਾਨਗਰ (ਸਰਬਜੀਤ ਸਾਗਰ): ਸੂਬੇ ਅੰਦਰ ਲਗਾਤਾਰ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ’ਚ ਅੱਜ ਦੀਨਾਨਗਰ ਦੇ ਕਾਂਗਰਸੀਆਂ ਵੱਲੋਂ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ, ਦੋਰਾਂਗਲਾ ਪ੍ਰਧਾਨ ਵਰਿੰਦਰ ਕੁਮਾਰ ਭਿੰਦਾ ਅਤੇ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਦੀ ਅਗਵਾਈ ਹੇਠ ਇਹ ਧਰਨਾ ਦਿੱਤਾ ਗਿਆ। ਜ਼ੋਨ ਇੰਚਾਰਜ ਭੁਪਿੰਦਰ ਸਿੰਘ ਸੇਖਵਾਂ ਅਤੇ ਰਘਵੀਰ ਸਿੰਘ ਕਲੀਜਪੁਰ ਨੇ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਇਸ ਦੌਰਾਨ ਧਰਨਾ ਸਥਾਨ ’ਤੇ ਪੰਹੁਚੇ ਡੀਐੱਸਪੀ ਦੀਨਾਨਗਰ ਸੁਰਿੰਦਰ ਕੁਮਾਰ ਨੂੰ ਧਰਨਾਕਾਰੀਆਂ ਨੇ ਮੰਗ ਪੱਤਰ ਵੀ ਸੌਪਿਆ।
ਪਠਾਨਕੋਟ (ਐੱਨਪੀ ਧਵਨ): ਇੱਥੇ ਅੱਜ ਡੀਐੱਸਪੀ ਸਿਟੀ ਦੇ ਦਫਤਰ ਕੋਲ ਸਾਬਕਾ ਵਿਧਾਇਕ ਅਮਿਤ ਵਿੱਜ ਤੇ ਜ਼ਿਲ੍ਹਾ ਵਰਕਿੰਗ ਰਾਕੇਸ਼ ਬਬਲੀ ਅਤੇ ਨਗਰ ਨਿਗਮ ਦੇ ਮੇਅਰ ਪੰਨਾ ਲਾਲ ਭਾਟੀਆ ਦੀ ਅਗਵਾਈ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਰੋਸ ਧਰਨਾ ਦਿੱਤਾ ਗਿਆ। ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਡੀਐੱਸਪੀ ਦਿਹਾਤੀ ਦੇ ਦਫਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ।
ਫਗਵਾੜਾ (ਜਸਬੀਰ ਚਾਨਾ): ਸੂਬੇ ’ਚ ਵਧ ਰਹੀਆਂ ਕਤਲ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਅੱਜ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ’ਚ ਕਾਂਗਰਸੀਆਂ ਨੇ ਡੀ.ਐਸ.ਪੀ. ਦਫਤਰ ਅੱਗੇ ਧਰਨਾ ਲਗਾਇਆ ਤੇ ਮੰਗ ਪੱਤਰ ਦਿੱਤਾ।
ਦਸੂਹਾ (ਭਗਵਾਨ ਦਾਸ ਸੰਦਲ): ਬਲਾਕ ਕਾਂਗਰਸ ਕਮੇਟੀ ਵੱਲੋਂ ਪ੍ਰਧਾਨ ਪਰਮਿੰਦਰ ਕੁਮਾਰ ਬਿੱਟੂ ਦੀ ਅਗਵਾਈ ਹੇਠ ਡੀਐੱਸਪੀ ਦਸੂਹਾ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਸਣੇ ਵੱਡੀ ਗਿਣਤੀ ’ਚ ਕਾਂਗਰਸੀ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਆਖਰ ਵਿੱਚ ਕਾਂਗਰਸੀਆਂ ਨੇ ਵਿਗੜੀ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਲਈ ਡੀਐੱਸਪੀ ਨੂੰ ਮੰਗ ਪੱਤਰ ਸੌਂਪਿਆ।
ਮੁਕੇਰੀਆਂ (ਜਗਜੀਤ ਸਿੰਘ): ਕਾਂਗਰਸ ਦੇ ਬਲਾਕ ਪ੍ਰਧਾਨ ਮੁਕੇਰੀਆ ਰਵਿੰਦਰ ਸਿੰਘ ਤੇ ਬਲਾਕ ਪ੍ਰਧਾਨ ਹਾਜੀਪੁਰ ਕਿਸ਼ੋਰੀ ਲਾਲ ਦੀ ਅਗਵਾਈ ਵਿੱਚ ਡੀਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕਾ ਤੇ ਕਾਂਗਰਸ ਦੀ ਹਲਕਾ ਇੰਚਾਰਜ ਇੰਦੂ ਬਾਲਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸੂਬੇ ਨੂੰ ਅਪਰਾਧ ਮੁਕਤ ਕੀਤਾ ਜਾਵੇ, ਸੂਬਾ ਵਾਸੀਆਂ ਨੂੰ ਸੁਰੱਖਿਅਤ ਮਹੌਲ ਦੇ ਕੇ ਮਜ਼ਬੂਤ ਕਨੂੰਨ ਵਿਵਸਥਾ ਬਹਾਲ ਕੀਤੀ ਜਾਵੇ।
ਗੜ੍ਹਸ਼ੰਕਰ (ਜੇਬੀ ਸੇਖੋਂ): ਸੂਬੇ ਵਿੱਚ ਮਾੜੀ ਕਾਨੂੰਨ ਵਿਵਸਥਾ ਖ਼ਿਲਾਫ਼ ਗੜ੍ਹਸ਼ੰਕਰ ਦੇ ਪੁਲੀਸ ਉਪ-ਕਪਤਾਨ ਦਫ਼ਤਰ ਸਾਹਮਣੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਦੇਵ ਰਾਜ ਖੇਪੜ ਦੀ ਅਗਵਾਈ ਵਿੱਚ ਅੱਜ ਰੋਸ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਡੀਐਸਪੀ ਪਰਮਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਅਤੇ ਇਲਾਕੇ ਵਿੱਚ ਅਮਨ ਕਾਨੂੰਨ ਦੀ ਵਿਗੜੀ ਵਿਵਸਥਾ ਨੂੰ ਨੱਥ ਪਾਉਣ ਦੀ ਅਪੀਲ ਕੀਤੀ।
ਕਾਰਵਾਈ ਨਾ ਹੋਣ ਕਾਰਨ ਲੁਟੇਰਿਆਂ ਦੇ ਹੌਸਲੇ ਬੁਲੰਦ: ਸੁਖਪਾਲ ਖਹਿਰਾ
ਭੁਲੱਥ (ਦਲੇਰ ਸਿੰਘ ਚੀਮਾ): ਪੰਜਾਬ ਵਿੱਚ ਨਿੱਘਰ ਰਹੀ ਕਾਨੂੰਨੀ ਵਿਵਸਥਾ ਤੇ ਲੋਕਾਂ ਵਿੱਚ ਫੈਲੀ ਬੇਚੈਨੀ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਡੀਐੱਸਪੀ ਸਬ ਡਿਵੀਜ਼ਨ ਭੁਲੱਥ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪਿੰਡ ਰਾਏਪੁਰ ਪੀਰ ਬਖਸ਼, ਲਿੱਟਾ, ਭਟਨੂੰਰਾ ਕਲਾਂ, ਨਡਾਲਾ ਤੇ ਆਸ ਪਾਸ ਦੇ ਪਿੰਡਾਂ ਲੱਖਣ ਕੇ ਪੱਡਾ, ਬੇਗੋਵਾਲ, ਭੁਲੱਥ ’ਚ ਦਿਨ ਦਿਹਾੜੇ ਲੋਕਾਂ ਦਾ ਲੁੱਟਿਆ ਜਾਣਾ ਅਤੇ ਪੁਲੀਸ ਵੱਲੋਂ ਘਟਨਾਵਾਂ ਦੀਆਂ ਐੱਫਆਈਆਰ ਦਰਜ ਨਾ ਕੀਤੇ ਜਾਣਾ ਅਤੇ ਚੋਰਾਂ ਜਾਂ ਲੁਟੇਰਿਆਂ ਬਾਰੇ ਕੋਈ ਕਾਰਵਾਈ ਨਾ ਕਰਨ ਕਰਕੇ ਚੋਰਾਂ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਸੁਖਪਾਲ ਸਿੰਘ ਖਹਿਰਾ ਨੇ ਹਲਕੇ ਵਿੱਚ ਭ੍ਰਿਸ਼ਟਾਚਾਰ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿੱਚ ਪੰਜ ਪੰਜ ਲੱਖ ਵਿਚ ਨੰਬਰਦਾਰੀਆਂ ਵਿਕਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਹੈ। ਖਹਿਰਾ ਨੇ ਬੇਅਦਬੀ ਦੇ ਮੁੱਦੇ ’ਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਿੱਟ ਵੱਲੋਂ ਮੁੱਖ ਕਥਿਤ ਦੋਸ਼ੀ ਬਾਬਾ ਰਾਮ ਰਹੀਮ ਵਿਰੁੱਧ ਮੁਕੱਦਮੇ ਚਲਾਉਣ ਸਬੰਧੀ ਇਜਾਜ਼ਤ ਨਹੀਂ ਦੇ ਰਹੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਮਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ। ਧਰਨੇ ਨੂੰ ਕੁਲਦੀਪ ਸਿੰਘ ਕੰਗ, ਸਰਪੰਚ ਨੰਗਲ ਲੁਬਾਣਾ ਅਜਮੇਰ ਸਿੰਘ, ਸਟੀਫ਼ਨ ਕਾਲਾ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਡੋਗਰਾਂਵਾਲ ਦੇ ਸਾਬਕਾ ਸਰਪੰਚ ਸਾਧੂ ਸਿੰਘ, ਜਸਪਾਲ ਸਿੰਘ, ਸ੍ਰੀ ਨਿਵਾਸ ਕੁੱਕੂ ਨੇ ਵੀ ਸੰਬੋਧਨ ਕੀਤਾ।
ਬਾਬਾ ਬਕਾਲਾ ’ਚ ਕਾਂਗਰਸ ਦੇ ਦੋ ਧੜਿਆਂ ਦੀ ਫੁੱਟ ਜੱਗ ਜ਼ਾਹਰ
ਰਈਆ (ਦਵਿੰਦਰ ਸਿੰਘ ਭੰਗੂ): ਬਾਬਾ ਬਕਾਲਾ ਦੇ ਡੀਐੱਸਪੀ ਦਫ਼ਤਰ ਦੇ ਸਾਹਮਣੇ ਦੋ ਕਾਂਗਰਸੀ ਗਰੁੱਪਾਂ ਦਾ ਧਰਨੇ ਦੀ ਜਗਾ ਨੂੰ ਲੈ ਕੇ ਅੱਜ ਸਵੇਰੇ ਝਗੜਾ ਹੋ ਗਿਆ। ਦੋਵਾਂ ਗਰੁੱਪਾਂ ਨੇ ਇਕ ਦੂਸਰੇ ਦੇ ਸਾਹਮਣੇ ਸਪੀਕਰ ਲਾਕੇ ਸ਼ਕਤੀ ਪ੍ਰਦਰਸ਼ਨ ਕੀਤਾ। ਡੀਐੱਸਪੀ ਦਫ਼ਤਰ ਸਾਹਮਣੇ ਉਸ ਵਕਤ ਸਥਿਤੀ ਤਣਾਅਪੂਰਵਕ ਬਣ ਗਈ ਜਿਸ ਵਕਤ ਸਾਬਕਾ ਵਿਧਾਇਕ ਤੇ ਹਲਕਾ ਬਾਬਾ ਬਕਾਲਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਅਤੇ ਦੂਸਰੇ ਗਰੁੱਪ ਦੇ ਸਾਬਕਾ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਸਮਰਥਕਾਂ ਵਿਚਕਾਰ ਧਰਨੇ ਲਈ ਦਰੀਆਂ ਵਿਛਾਉਣ ਸਮੇਂ ਜਗ੍ਹਾ ਨੂੰ ਲੈ ਕਿ ਝਗੜਾ ਸ਼ੁਰੂ ਹੋ ਗਿਆ। ਇਸ ਮੌਕੇ ਦੋਵਾਂ ਪਾਸਿਆਂ ਤੋਂ ਗਾਲ਼ੀ ਗਲੋਚ ਵੀ ਹੋਇਆ। ਡੀਐੱਸਪੀ ਬਾਬਾ ਬਕਾਲਾ ਸਵਿੰਦਰ ਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਵਲੋ ਦੋਵਾਂ ਧਿਰਾਂ ਨੂੰ ਸਮਝਾਉਣ ਉਪਰੰਤ ਇਕ ਪਾਸੇ ਭਲਾਈਪੁਰ ਗਰੁੱਪ ਅਤੇ ਸਾਹਮਣੇ ਦੂਸਰੇ ਪਾਸੇ ਡਿੰਪਾ ਗਰੁੱਪ ਦੇ ਵਰਕਰਾਂ ਨੂੰ ਬਿਠਾ ਕੇ ਮਾਮਲਾ ਸ਼ਾਂਤ ਕੀਤਾ ਗਿਆ। ਫਿਰ ਵੀ ਦੋਵਾਂ ਧਿਰਾਂ ਨੇ ਇਕ ਦੂਸਰੇ ਦੇ ਸਾਹਮਣੇ ਸਪੀਕਰ ਲਾ ਕਿ ਸ਼ਕਤੀ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ ਗਿਆ।
ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ
ਤਰਨ ਤਾਰਨ (ਗੁਰਬਖਸ਼ਪੁਰੀ): ਕਾਂਗਰਸ ਪਾਰਟੀ ਵੱਲੋਂ ਅੱਜ ਜ਼ਿਲ੍ਹੇ ’ਚ ਡੀਐੱਸਪੀ ਦੇ ਦਫਤਰਾਂ ਸਾਹਮਣੇ ਧਰਨੇ ਦੇ ਕੇ ਸੂਬੇ ਅੰਦਰ ਲੁੱਟਾਂ-ਖੋਹਾਂ ਤੇ ਕਤਲਾਂ ’ਤੇ ਚਿੰਤਾ ਜ਼ਾਹਰ ਕੀਤੀ। ਇਸ ਮੌਕੇ ਸਰਕਾਰ ਤੋਂ ਲੋਕਾਂ ਦੀ ਸੁਰੱਖਿਆ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇਣ ਦੀ ਮੰਗ ਕੀਤੀ ਗਈ| ਡੀਐੱਸਪੀ ਭਿੱਖੀਵਿੰਡ ਦੇ ਦਫਤਰ ਸਾਹਮਣੇ ਦਿੱਤੇ ਧਰਨੇ ਵਿੱਚ ਸ਼ਾਮਲ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਬਕ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਦੀ ਪ੍ਰਸ਼ਾਸਨ ਤੇ ਪਕੜ ਢਿੱਲੀ ਹੋਣ ਕਰਕੇ ਅੱਜ ਗੈਂਗਸਟਰ ਲੋਕਾਂ ਤੋਂ ਸ਼ੇਰਆਮ ਫਿਰੌਤੀਆਂ ਦੀ ਮੰਗ ਕਰਦੇ ਹਨ ਅਤੇ ਨਾ ਦੇਣ ’ਤੇ ਉਹ ਲੋਕਾਂ ਦੇ ਘਰਾਂ ਅੰਦਰ ਵੜ ਕੇ ਗੋਲੀਆਂ ਮਾਰ ਰਹੇ ਹਨ|