ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 1 ਜਨਵਰੀ
ਇੱਥੇ ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਯੂਏਪੀਏ ਵਾਪਸ ਲੈਣ ਅਤੇ ਪਟਿਆਲਾ ਪੁਲਿਸ ਵੱਲੋਂ ਬੀਬੀ ਜਸਬੀਰ ਕੌਰ, ਜਗਮੀਤ ਸਿੰਘ, ਰਵਿੰਦਰ ਸਿੰਘ ਖਿਲਾਫ ਗੈਰ-ਕਾਨੂੰਨੀ ਅਤੇ ਝੂਠਾ ਪਰਚਾ ਦਰਜ ਕਰਨ ਖਿਲਾਫ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਾਰਮਿਕ ਜ਼ੁਲਮਾਂ ਖਿਲਾਫ ਆਪਣੀ ਸ਼ਹਾਦਤ ਦਿੱਤੀ ਅਤੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ੍ਹ ਪਾਈ ਪਰ ਅਫਸੋਸ ਕਿ ਮੰਨੂਵਾਦੀ ਧਿਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੰਦੇਸ਼ ਦੀ ਪਹਿਰੇਦਾਰੀ ਕਰਨ ਦੀ ਬਜਾਏ 1947 ਤੋਂ ਬਾਅਦ ਔਰੰਗਜ਼ੇਬ ਦਾ ਰਾਹ ਅਪਣਾ ਲਿਆ।
ਉਨ੍ਹਾਂ ਕਿਹਾ ਕਿ ਦਿੱਲੀ-ਨਾਗਪੁਰ ਦੇ ਹਾਮੀਆਂ ਵੱਲੋਂ ਯੂ.ਏ.ਪੀ.ਏ. ਕਾਲਾ ਕਾਨੂੰਨ ਲਿਆ ਕੇ ਸਿੱਖਾਂ, ਮੁਸਲਮਾਨਾਂ, ਕਿਸਾਨਾਂ, ਗਰੀਬਾਂ ਉੱਪਰ ਧਾਰਮਿਕ ਜ਼ੁਲਮ ਢਾਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਇਸ ਕਾਨੂੰਨ ਹੇਠ ਜੁਲਮ ਢਾਹਿਆ ਜਾ ਰਿਹਾ ਹੈ। ਪਟਿਆਲਾ ਪੁਲਿਸ ਵੱਲੋਂ ਜਸਬੀਰ ਕੌਰ ਉਸਦੇ ਪੁੱਤਰ ਜਗਮੀਤ ਸਿੰਘ ਅਤੇ ਰਵਿੰਦਰ ਸਿੰਘ ਉੱਪਰ ਦੇਸ਼ ਧ੍ਰੋਹ ਦਾ ਕੇਸ ਦਰਜ ਕਰਕੇ ਜ਼ੁਲਮ ਦੀ ਹੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਪਰ ਉਲਟਾ ਨਿੱਤ ਦਿਨ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਦੇ ਰਸਤੇ ’ਤੇ ਚੱਲਦਿਆਂ ਹਰਿਦੁਆਰ ਅਤੇ ਹੋਰਨਾਂ ਥਾਵਾਂ ’ਤੇ ਧਾਰਮਿਕ ਸੰਸਦਾਂ ਕਰਕੇ ਘੱਟ ਗਿਣਤੀਆਂ ਨੂੰ ਕਤਲੇਆਮ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਮਨੁੱਖਤਾ ਦਾ ਅਪਮਾਨ ਕੀਤਾ ਜਾ ਰਿਹਾ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਯੂਏਪੀਏ ਕਾਨੂੰਨ ਵਾਪਸ ਲੈ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਿਆ ਜਾਵੇ ਅਤੇ ਇਸ ਕਾਨੂੰਨ ਹੇਠਾਂ ਹੋਈਆਂ ਗ੍ਰਿਫਤਾਰੀਆਂ ਦੀ ਨਿਰਪੱਖ ਪੜਤਾਲ ਹੋਵੇ।