ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਮਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ ਮੰਚ ਵੱਲੋਂ ਸਾਹਿਤ ਅਕਾਦਮੀ ਐਵਾਰਡ (ਯੁਵਾ) ਜੇਤੂ ਪੰਜਾਬੀ ਕਵੀ ਪਰਮਵੀਰ ਸਿੰਘ ਦੇਵ ਦੇ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਪੰਖੀ’ ਬਾਰੇ ਵਿਚਾਰ-ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਪਦਮਸ੍ਰੀ ਸੁਰਜੀਤ ਪਾਤਰ ਨੇ ਕੀਤੀ। ਇਸ ਵਿਚ ਮੁੱਖ ਮਹਿਮਾਨ ਵਜੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਅਤੇ ਵਿਚਾਰ ਗੋਸ਼ਟੀ ਦੇ ਮੁੱਖ ਵਕਤਾ ਵਜੋਂ ਡਾ. ਪਰਮਿੰਦਰ ਸਿੰਘ ਅਤੇ ਡਾ. ਸਕੂਨ ਸਿੰਘ ਸ਼ਾਮਲ ਹੋਏ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਪਰਮਵੀਰ ਸਿੰਘ ਸਮਕਾਲੀ ਪੰਜਾਬੀ ਕਵਿਤਾ ਦਾ ਸਮਰੱਥ ਹਸਤਾਖ਼ਰ ਹੈ। ਡਾ. ਹਰਿੰਦਰ ਕੌਰ ਸੋਹਲ ਨੇ ਖੋਜ ਮੰਚ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਪਰਮਵੀਰ ਦੀ ਕਵਿਤਾ ਅਰਥ ਤੋਂ ਅੱਗੇ ਅਹਿਸਾਸ ਦੀ ਕਵਿਤਾ ਹੈ। ਪਰਵਾਸ ਦੇ ਅਹਿਸਾਸ ਨੂੰ ਪਰਮਵੀਰ ਨੇ ‘ਪੰਖੀ’ ਰਾਹੀਂ ਨਵੇਂ ਤੇ ਉਸਾਰੂ ਅਰਥਾਂ ਵਿਚ ਪੇਸ਼ ਕੀਤਾ ਹੈ। ਪ੍ਰੋ. ਸਰਬਜੋਤ ਸਿੰਘ ਨੇ ਪੁਸਤਕ ਦੇ ਸਿਰਲੇਖ ‘ਪੰਖੀ’ ਬਾਰੇ ਚਰਚਾ ਕਰਦਿਆਂ ਇਸ ਨੂੰ ਗੁਰਬਾਣੀ ਦੇ ਸੰਦਰਭ ਵਿਚ ਵਿਚਾਰਿਆ। ਵਿਚਾਰ ਗੋਸ਼ਟੀ ਦੇ ਵਕਤਾ ਡਾ. ਪਰਮਿੰਦਰ ਸਿੰਘ ਨੇ ਇਸ ਸੰਗ੍ਰਹਿ ਦੀਆਂ ਮਹੀਨ ਪਰਤਾਂ ਨੂੰ ਫਰੋਲਦਿਆਂ ਕਿਹਾ ਕਿ ਪਰਮਵੀਰ ਸਿੰਘ ਨੇ ਆਪਣੀ ਕਾਵਿ ਸਿਰਜਣਾ ਵਿਚ ਅੰਤਰ ਪਰਵਾਸੀ ਸੰਵੇਦਨਾ ਨੂੰ ਉਸਾਰੂ ਢੰਗ ਨਾਲ ਪੇਸ਼ ਕੀਤਾ ਹੈ। ਡਾ. ਮੇਘਾ ਸਲਵਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।