ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਜਨਵਰੀ
ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀਆਂ, ਰਾਗੀਆਂ ਤੇ ਹੋਰ ਅਮਲੇ ਵਾਸਤੇ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਇਹ ਡਰੈੱਸ ਕੋਡ ਸਿਰਫ ਸ੍ਰੀ ਦਰਬਾਰ ਸਾਹਿਬ ਵਾਸਤੇ ਹੀ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦੁਆਰਿਆਂ ਵਿੱਚ ਪ੍ਰਕਾਸ਼ ਅਸਥਾਨ ਵਿਖੇ ਡਿਊਟੀ ਦੇ ਰਹੇ ਅਮਲੇ ’ਤੇ ਲਾਗੂ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਹ ਫੈਸਲਾ ਬੀਤੇ ਦਿਨ ਹੋਈ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ। ਹੁਣ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 85 ਹੇਠ ਆਉਂਦੇ ਸਾਰੇ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਇਸ ਸਬੰਧੀ ਪੱਤਰ ਭੇਜ ਕੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਡਰੈੱਸ ਕੋਡ ਤਹਿਤ ਗੁਰਦੁਆਰੇ ਵਿੱਚ ਪ੍ਰਕਾਸ਼ ਅਸਥਾਨ ਵਾਲੇ ਸਥਾਨ ਵਿੱਚ ਕੰਮ ਕਰਨ ਵਾਲੇ ਰਾਗੀਆਂ, ਗ੍ਰੰਥੀਆਂ ਅਤੇ ਹੋਰਨਾਂ ਵਾਸਤੇ ਕੁੜਤਾ ਪਜਾਮਾ ਅਤੇ ਖਾਸ ਕਰਕੇ ਚੂੜੀਦਾਰ ਪਜਾਮਾ ਜਾਂ ਝੋਲੀਦਾਰ ਪਜਾਮਾ ਪਹਿਨਣਾ ਲਾਜ਼ਮੀ ਹੋਵੇਗਾ।