ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਜੁਲਾਈ
ਪਿਛਲੇ ਕੁਝ ਦਿਨਾਂ ਤੋਂ ਸਬਜ਼ੀਆਂ ਦੇ ਭਾਅ ਵਿੱਚ ਅਚਨਚੇਤੀ ਤੇਜ਼ੀ ਆਈ ਹੈ ਅਤੇ ਇਹ ਭਾਅ ਹੁਣ ਇਸ ਵੇਲੇ ਅਸਮਾਨ ਛੂ ਰਹੇ ਹਨ , ਜਿਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ । ਕੁਝ ਲੋਕਾਂ ਦਾ ਕਹਿਣਾ ਹੈ ਕਿ ਵਧੇਰੇ ਗਰਮੀ ਅਤੇ ਉਸ ਤੋਂ ਬਾਅਦ ਬਰਸਾਤਾਂ ਕਾਰਨ ਸਬਜ਼ੀਆਂ ਦੇ ਭਾਅ ਵੱਧ ਗਏ ਹਨ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਬਰਸਾਤਾਂ ਤੋਂ ਪਹਿਲਾਂ ਹੀ ਸਬਜ਼ੀਆਂ ਦਾ ਭਾਅ ਵਧ ਗਿਆ ਸੀ। ਸਬਜ਼ੀਆਂ ਦੇ ਭਾਅ ਇਸ ਵੇਲੇ ਤਿੰਨ ਗੁਣਾ ਤੋਂ ਵੀ ਵੱਧ ਹੋ ਗਏ ਹਨ। ਮਿਲੇ ਵੇਰਵਿਆਂ ਦੇ ਮੁਤਾਬਕ ਇਸ ਵੇਲੇ ਘੀਆ ਤੋਰੀ ਦਾ ਭਾਅ 80 ਰੁਪਏ ਪ੍ਰਤੀ ਕਿੱਲੋ, ਕੱਦੂ 80 ਤੋਂ 90 ਰੁਪਏ ਪ੍ਰਤੀ ਕਿੱਲੋ , ਟਮਾਟਰ 80 ਰੁਪਏ ਪ੍ਰਤੀ ਕਿੱਲੋ, ਅਰਬੀ 80 ਤੋਂ 90 ਰੁਪਏ ਕਿੱਲੋ , ਆਲੂ ਜੋ ਪਹਿਲਾਂ 100 ਰੁਪਏ ਦੇ ਪੰਜ ਕਿੰਲੋ ਮਿਲਦੇ ਸਨ, ਹੁਣ 160 ਰੁਪਏ ਦੇ ਪੰਜ ਕਿੱਲੋ ਅਤੇ ਪਿਆਜ਼ ਜੋ ਪਹਿਲਾਂ 100 ਰੁਪਏ ਦੇ ਪੰਜ ਕਿੱਲੋ ਸਨ, ਉਹ ਹੁਣ 200 ਰੁਪਏ ਦੇ ਪੰਜ ਕਿੱਲੋ ਵਿਕ ਰਹੇ ਹਨ। ਇਸੇ ਤਰ੍ਹਾਂ ਬਾਕੀ ਸਬਜ਼ੀਆਂ ਵੀ 80 ਤੋਂ 100 ਰੁਪਏ ਦੇ ਵਿਚਾਲੇ ਪ੍ਰਤੀ ਕਿੱਲੋ ਵਿਕ ਰਹੀਆਂ ਹਨ। ਇੱਕ ਆਮ ਗ੍ਰਹਿਣੀ ਨੇ ਕਿਹਾ ਕਿ ਦਾਲਾਂ ਪਹਿਲਾਂ ਹੀ ਮਹਿੰਗੀਆਂ ਸਨ ਅਤੇ ਹੁਣ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਹਨ, ਜਿਸ ਨਾਲ ਰਸੋਈ ਦਾ ਖਰਚਾ ਵੱਧ ਗਿਆ। ਪ੍ਰਚੂਨ ਸਬਜ਼ੀ ਵੇਚਣ ਵਾਲੇ ਨਰਿੰਦਰ ਕੁਮਾਰ ਦਾ ਕਹਿਣਾ ਕਿ ਸਬਜ਼ੀਆਂ ਪਿੱਛੋਂ ਹੀ ਮਹਿੰਗੇ ਭਾਅ ਆ ਰਹੀਆਂ ਹਨ। ਇਸ ਕਾਰਨ ਉਹ ਮਜਬੂਰ ਹਨ। ਉਸ ਨੇ ਕਿਹਾ ਕਿ ਪਹਿਲਾਂ ਵਧੇਰੇ ਗਰਮੀ ਕਾਰਨ ਸਬਜ਼ੀਆਂ ਦੀਆਂ ਫਸਲਾਂ ਦਾ ਵੀ ਨੁਕਸਾਨ ਹੋਇਆ ਸੀ ਅਤੇ ਹੁਣ ਬਰਸਾਤ ਕਾਰਨ ਸਬਜ਼ੀਆਂ ਘੱਟ ਆ ਰਹੀਆਂ ਹਨ , ਜਿਸ ਕਾਰਨ ਸਬਜ਼ੀਆਂ ਦੇ ਭਾਅ ਵਧ ਗਏ ਹਨ । ਉਸ ਨੇ ਕਿਹਾ ਕਿ ਭਾਅ ਵਧਣ ਕਾਰਨ ਗਾਹਕ ਵਧਰੇ ਸਬਜ਼ੀ ਨਹੀਂ ਲੈਂਦਾ ਸਗੋਂ ਥੋੜ੍ਹੀ ਨਾਲ ਹੀ ਸਾਰ ਰਿਹਾ ਹੈ।