ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਮਾਰਚ
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਭੀੜੇ ਰਸਤੇ ਸੈਲਾਨੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਸਿੱਖ ਆਗੂ ਗੁਰਬਖਸ਼ ਸਿੰਘ ਬੇਦੀ ਨੇ ਇਹ ਮੰਗ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਜਾਣ ਵਾਸਤੇ ਇਸ ਵੇਲੇ ਪ੍ਰਮੁੱਖ ਦੋ ਰਸਤੇ ਹੀ ਹਨ, ਜਿਨ੍ਹਾਂ ਵਿਚੋਂ ਇਕ ਘਿਉ ਮੰਡੀ ਤੋਂ ਘੰਟਾ ਘਰ ਅਤੇ ਦੂਜਾ ਸੁਲਤਾਨਵਿੰਡ ਗੇਟ ਤੋਂ ਗੁਰੂ ਰਾਮਦਾਸ ਸਰਾਂ ਤਕ ਹੈ। ਉਨ੍ਹਾਂ ਕਿਹਾ ਕਿ ਘਿਉ ਮੰਡੀ ਦੇ ਰਸਤਿਓਂ ਕਾਰਾਂ ਅਤੇ ਆਟੋ ਰਿਕਸ਼ਾ ਤੇ ਹੋਰ ਵਾਹਨ ਸ੍ਰੀ ਹਰਿਮੰਦਰ ਸਾਹਿਬ ਤਕ ਜਾ ਸਕਦੇ ਹਨ। ਜਦੋਂਕਿ ਦੂਜਾ ਰਸਤਾ ਸੁਲਤਾਨਵਿੰਡ ਗੇਟ ਰਸਤੇ ਵੀ ਵਾਹਨ ਜਾ ਸਕਦੇ ਹਨ ਪਰ ਇਹ ਰਸਤਾ ਸਿਰਫ 20 ਫੁੱਟ ਚੌੜਾ ਹੈ, ਜੋ ਕਈ ਥਾਵਾਂ ਤੋਂ ਸਿਰਫ 15 ਫੁੱਟ ਰਹਿ ਜਾਂਦਾ ਹੈ।ਇਸੇ ਰਸਤੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਲਈ ਲੰਗਰ ਦੀਆਂ ਰਸਦਾਂ ਵੀ ਜਾਂਦੀਆਂ ਹਨ। ਭਾਰੀ ਆਵਾਜਾਈ ਕਾਰਨ ਇਥੇ ਹਮੇਸ਼ਾਂ ਹੀ ਟਰੈਫਿਕ ਜਾਮ ਰਹਿੰਦਾ ਹੈ। ਰਸਤੇ ਵਿਚ ਕਈ ਥਾਵਾਂ ’ਤੇ ਨਾਲੀਆਂ ਆਦਿ ਟੁੱਟੀਆਂ ਹੋਈਆਂ ਵੀ ਹਨ ਜਿਸ ਦਾ ਸੈਲਾਨੀਆਂ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ 2016 ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਰਸਤੇ ਨੂੰ ਚੌੜਾ ਤੇ ਸੁੰਦਰ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਹੈ। ਜਦੋਂਕਿ ਸਿਰਫ ਹੈਰੀਟੇਜ ਸਟਰੀਟ ਬਣਾ ਕੇ ਹੀ ਕੰਮ ਖਤਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਾਂਘੇ ਨੂੰ 70 ਫੀਸਦੀ ਲੋਕ ਵਰਤਦੇ ਹਨ ਅਤੇ ਇਸ ਪਾਸੇ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਥੇ ਦੱਸਣਯੋਗ ਹੈ ਕਿ ਹੈਰੀਟੇਜ ਸਟਰੀਟ ਬਣਨ ਕਾਰਨ ਹਾਲ ਗੇਟ ਤੋਂ ਆਉਣ ਵਾਲੇ ਯਾਤਰੂ ਜਾਂ ਵਾਹਨ ਸ੍ਰੀ ਹਰਿਮੰਦਰ ਸਾਹਿਬ ਤਕ ਨਹੀਂ ਪੁੱਜ ਸਕਦੇ। ਇਸੇ ਤਰ੍ਹਾਂ ਸ਼ੇਰਾਂ ਵਾਲਾ ਗੇਟ ਤੋਂ ਆਉਣ ਵਾਲੇ ਵਾਹਨ ਵੀ ਪਾਰਕਿੰਗ ਤਕ ਆ ਸਕਦੇ ਹਨ। ਮਹਾਂਸਿੰਘ ਗੇਟ ਰਸਤੇ ਆਉਣ ਵਾਲੇ ਵਾਹਨ ਵੀ ਹਰਿਮੰਦਰ ਸਾਹਿਬ ਤਕ ਨਹੀਂ ਪੁੱਜ ਸਕਦੇ ਹਨ। ਇਹ ਵੀ ਸਾਰੇ ਤੰਗ ਤੇ ਭੀੜੇ ਬਜ਼ਾਰ ਹਨ।