ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਅਕਤੂਬਰ
ਥਾਣਾ ਰਣਜੀਤ ਐਵੇਨਿਊ ਦੀ ਪੁਲੀਸ ਨੇ ਇਕ ਰੈਸਤਰਾਂ ਵਿਚ ਛਾਪਾ ਮਾਰ ਕੇ 19 ਹੁੱਕੇ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਉਮੇਸ਼ ਕੁਮਾਰ ਵਾਸੀ ਨਵੀਂ ਆਬਾਦੀ ਵਜੋਂ ਹੋਈ ਹੈ। ਪੁਲੀਸ ਨੇ ਰਣਜੀਤ ਐਵੇਨਿਊ ਵਿਚ ਰੈਸਤਰਾਂ ਵਿੱਚ ਹੁੱਕੇ ਦੀ ਵਰਤੋਂ ਸਬੰਧੀ ਇੱਕ ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ। ਪੁਲੀਸ ਦੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲੀਸ ਵੱਲੋਂ ਜਦੋਂ ਛਾਪਾ ਮਾਰਿਆ ਗਿਆ ਤਾਂ ਉੱਥੇ ਤਿੰਨ ਨੌਜਵਾਨ ਹੁੱਕਾ ਸਪਲਾਈ ਕਰ ਰਹੇ ਸਨ। ਉਨ੍ਹਾਂ ਵਿੱਚੋਂ ਦੋ ਜਣੇ ਭੱਜਣ ਵਿਚ ਸਫ਼ਲ ਹੋ ਗਏ ਅਤੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੇ ਆਪਣਾ ਨਾਮ ਉਮੇਸ਼ ਕੁਮਾਰ ਦੱਸਿਆ ਹੈ। ਇਹ ਵਿਅਕਤੀ ਰੈਸਤਰਾਂ ਵਿਚ ਬਤੌਰ ਵਰਕਰ ਕੰਮ ਕਰਦਾ ਹੈ। ਮੌਕੇ ਤੋਂ ਭੱਜੇ ਦੋ ਜਣਿਆਂ ਦੀ ਸ਼ਨਾਖ਼ਤ ਸੰਦੀਪ ਸਿੰਘ ਅਤੇ ਚੰਦਨ ਗੁਪਤਾ ਵਜੋਂ ਹੋਈ ਹੈ। ਏਸੀਪੀ ਨੇ ਦੱਸਿਆ ਕਿ ਇਸ ਰੈਸਤਰਾਂ ਵਿਚੋਂ 19 ਹੁੱਕੇ ਅਤੇ 7 ਹੁੱਕਾ ਫਲੇਵਰ ਦੀਆਂ ਡੱਬੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਅਗਲੇਰੀ ਜਾਂਚ ਜਾਰੀ ਹੈ।