ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 14 ਅਕਤੂਬਰ
ਟਰੈਫਿਕ ਪੁਲੀਸ ਅਤੇ ਨਗਰ ਨਿਗਮ ਨੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਸ਼ਹਿਰ ਦੀਆਂ ਸੜਕਾਂ ਤੇ ਫੁੱਟਪਾਥਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ। ਇਹ ਕਾਰਵਾਈ ਅੱਜ ਸੁਲਤਾਨਵਿੰਡ ਚੌਕ ਤੋਂ ਗੁਰਦੁਆਰਾ ਸ਼ਹੀਦਾਂ ਸਾਹਿਬ (ਬੁਲਾਰੀਆ ਪਾਰਕ ਚਾਟੀਵਿੰਡ ਚੌਕ) ਤੱਕ ਅਤੇ ਗੁਰਦੁਆਰਾ ਰਾਮਸਰ ਰਸਤੇ ਹੁੰਦੇ ਹੋਏ ਵਾਪਸ ਸੁਲਤਾਨਵਿੰਡ ਚੌਕ ਤੱਕ ਕੀਤੀ ਗਈ ਅਤੇ ਨਾਜਾਇਜ਼ ਕਬਜ਼ੇ ਹਟਾਏ ਗਏ। ਇਹ ਮੁਹਿੰਮ ਬਾਅਦ ਦੁਪਹਿਰ ਤੋਂ ਸ਼ਾਮ 4.00 ਵਜੇ ਤੱਕ ਚਲੀ ਅਤੇ ਟਰੈਫਿਕ ਜ਼ੋਨ-1 ਦੇ ਇੰਚਾਰਜ ਵੱਲੋਂ ਮਹਿਕਮਾ ਨਗਰ ਨਿਗਮ ਦੇ ਕਰਮਚਾਰੀਆਂ, ਮੁੱਖ ਅਫਸਰ ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ ਨਾਲ ਇਹ ਸਾਂਝਾ ਅਪਰੇਸ਼ਨ ਚਲਾਇਆ ਗਿਆ। ਇਸੇ ਦੌਰਾਨ ਅਪੀਲ ਕੀਤੀ ਗਈ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦਾ ਸਾਮਾਨ ਸੜਕਾਂ ਜਾਂ ਫੁੱਟਪਾਥਾਂ ’ਤੇ ਨਾ ਰੱਖਣ।