ਟ੍ਰਬਿਿਊੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨੂੰ ਲੈ ਕੇ ਵਰਚੁਅਲ ਸੈਮੀਨਾਰ ਅੱਜ ਇੱਥੇ ਸਰਕਾਰੀ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿੱਚ ਕੀਤਾ ਗਿਆ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰ ਸਰਕਾਰ ਦੀਆਂ ਚੱਲ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਲਈ ਲਾਭਪਾਤਰੀਆਂ ਨਾਲ ਰੂਬਰੂ ਹੋਏ। ਸਮਾਗਮ ਵਿੱਚ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਅਤੇ ਹੋਰਨਾਂ ਨੂੰ ਅਜਿਹੀਆਂ ਹੋਰ ਵੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਤੋਂ ਆਮ ਆਦਮੀ ਲਾਭ ਲੈ ਸਕਦਾ ਹੈ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਆਮ ਲੋਕਾਂ ਨੂੰ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣਾ ਚਾਹੀਦਾ ਹੈ।
ਪ੍ਰੋਗਰਾਮ ਦੌਰਾਨ ਜਲ ਸਪਲਾਈ ਵਿਭਾਗ ਤੋਂ ਬਲਾਕ ਕੋਆਰਡੀਨੇਟਰ ਨੇ ਜਲ ਜੀਵਨ ਮਿਸ਼ਨ ਅਤੇ ਪਾਣੀ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਧਿਕਾਰੀ ਪਰਮਜੀਤ ਸਿੰਘ ਔਲਖ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਲੀਡ ਬੈਂਕ ਦੇ ਮੈਨੇਜਰ ਪ੍ਰੀਤਮ ਸਿੰਘ ਨੇ ਮੁਦਰਾ ਯੋਜਨਾ ਅਤੇ ਇਸ ਨਾਲ ਆਮ ਆਦਮੀ ਲਾਭ ਕਿਵੇਂ ਲੈ ਸਕਦਾ ਹੈ, ਦੇ ਬਾਰੇ ਵਿੱਚ ਦੱਸਿਆ। ਅੱਜ ਕੱਲ੍ਹ ਇੰਟਰਨੈੱਟ ਰਾਹੀਂ ਹੋ ਰਹੀਆਂ ਆਨਲਾਈਨ ਧੋਖਾਧੜੀ ਰੋਕਣ ਦੇ ਢੰਗ-ਤਰੀਕੇ ਦੱਸਣ ਦੇ ਨਾਲ-ਨਾਲ ਹਾਜ਼ਰ ਲੋਕਾਂ ਨੂੰ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੋਈ ਵਿਅਕਤੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਤੁਰੰਤ ਸਾਈਬਰ ਕ੍ਰਾਈਮ ਨੰਬਰ 1930 ’ਤੇ ਸੂਚਨਾ ਦੇਣ।