ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 23 ਸਤੰਬਰ
ਇੱਥੋਂ ਨਜ਼ਦੀਕੀ ਪਿੰਡ ਅਕਾਲਗੜ੍ਹ ਢਪੱਈਆਂ ਦੇ ਕਿਸਾਨ ਬਲਜਿੰਦਰ ਸਿੰਘ ਦੀ ਦਸ ਏਕੜ 1509 ਬਾਸਮਤੀ ਦੀ ਫਸਲ ਗ਼ਲਤ ਸਪਰੇਅ ਹੋਣ ਕਾਰਨ ਸੜ ਕੇ ਤਬਾਹ ਹੋ ਗਈ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਉਪ ਪ੍ਰਧਾਨ ਲਖਬੀਰ ਸਿੰਘ ਨਿਜਾਮਪੁਰਾ, ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਆਗੂ ਭੁਪਿੰਦਰ ਸਿੰਘ, ਕਰਨੈਲ ਸਿੰਘ ਨਵਾਂ ਪਿੰਡ ਅਤੇ ਪ੍ਰਤਾਪ ਸਿੰਘ ਛੀਨਾ ਨੇ ਕਿਹਾ ਕਿ ਕਿਸਾਨ ਬਲਜਿੰਦਰ ਸਿੰਘ ਦੀ 10 ਏਕੜ ਬੀਜੀ ਹੋਈ 1509 ਬਾਸਮਤੀ ਦੀ ਫ਼ਸਲ ਉਪਰ ਗੁਆਂਢੀ ਪਿੰਡ ਰਸੂਲਪੁਰ ਤੋਂ ਟਰੈਕਟਰ ਵਾਲੇ ਪੰਪ ਨਾਲ ਸਪਰੇਅ ਕਰਵਾਈ ਗਈ ਸੀ ਜਿਸ ਤੋਂ ਬਾਅਦ ਉਸ ਦੀ ਖੜ੍ਹੀ ਫ਼ਸਲ ਬਰਬਾਦ ਹੋ ਗਈ। ਇਸ ਕਾਰਨ ਕਿਸਾਨ ਦਾ ਕਰੀਬ 10 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਇਸ ਦਾ ਮੁੱਖ ਕਾਰਨ ਟਰੈਕਟਰ ਸਪਰੇਅ ਵਾਲੇ ਨੇ ਜਿਸ ਢੋਲ ਵਿੱਚ ਦਵਾਈ ਮਿਲਾ ਕੇ ਸਪਰੇਅ ਕੀਤੀ ਸੀ, ਉਸ ਨੇ ਉਸ ਨੂੰ ਪਹਿਲੇ ਸਪਰੇਅ ਤੋਂ ਖਾਲੀ ਨਹੀਂ ਕੀਤਾ ਸੀ ਅਤੇ ਉਸ ਵਿੱਚ ਬਾਸਮਤੀ ਉੱਪਰ ਸਪਰੇਅ ਕਰਨ ਵਾਲੀ ਦਵਾਈ ਦਾ ਘੋਲ ਜਦੋਂ ਪਾਇਆ ਗਿਆ ਤਾਂ ਇਹ ਦੋਵੇਂ ਦਵਾਈਆਂ ਆਪਸ ਵਿੱਚ ਰਿਐਕਸ਼ਨ ਹੋਣ ਕਾਰਨ ਫ਼ਸਲ ਦੀ ਬਰਬਾਦੀ ਦਾ ਕਾਰਨ ਬਣਿਆ। ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਕੋਲੋਂ ਪੀੜਤ ਕਿਸਾਨ ਨੂੰ ਇੱਕ ਲੱਖ ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦੇਣ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।