ਮਨਮੋਹਨ ਸਿੰਘ ਢਿੱਲੋਂ/ਜਗਤਾਰ ਸਿੰਘ ਛਿੱਤ
ਅੰਮ੍ਰਿਤਸਰ/ਜੈਂਤੀਪੁਰ, 21 ਨਵੰਬਰ
ਇਥੇ ਬੀਬੀਆਂ, ਕਿਸਾਨਾਂ ਤੇ ਮਜ਼ਦੂਰਾਂ ਦੀ ਦੂਜੀ ਵਿਸ਼ਾਲ ਕਾਨਫਰੰਸ ਪਿੰਡ ਅਬਦਾਲ ਵਿਖੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 24 ਨਵੰਬਰ ਨੂੰ ਅੰਮ੍ਰਿਤਸਰ ਤੋਂ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜਥਾ ਬਿਆਸ ਪੁਲ ਤੋਂ ਰਵਾਨਾ ਹੋਵੇਗਾ ਅਤੇ ਜਿੰਨੀ ਦੇਰ ਤਕ ਕਾਨੂੰਨੀ ਪੱਖ ਤੋਂ ਪੂਰੀ ਜਿੱਤ ਨਹੀਂ ਹੁੰਦੀ, ਓਨੀ ਦੇਰ ਤਕ ਦਿੱਲੀ ਮੋਰਚਾ ਜਾਰੀ ਰਹੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਐੱਮਐੱਸਪੀ ਦੀ ਗਰੰਟੀ ਵਾਲਾ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਇਹ ਵੀ ਮੰਗ ਕਰਦੇ ਹਾਂ ਕਿ ਦਿੱਲੀ ਮੋਰਚੇ ਦੌਰਾਨ ਪਾਏ ਗਏ ਕੇਸ ਵਾਪਸ ਲਏ ਜਾਣ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਬਣਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਆਮ ਜਨਤਾ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਕਿਸਾਨ ਅੰਦੋਲਨ ਦੇ 1 ਸਾਲ ਪੂਰਾ ਹੋਣ ’ਤੇ 26 ਨਵੰਬਰ ਨੂੰ ਦਿੱਲੀ ਸਿੰਘੂ ਮੋਰਚੇ ਵਿਚ ਵਹੀਰਾਂ ਘੱਤ ਕੇ ਪਹੁੰਚਣ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਹਿੰਦੀਆਂ ਮੰਗਾਂ ਵੀ ਪੂਰੀਆਂ ਕਰਨ, ਲਖੀਮਪੁਰ ਘਟਨਾ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਮੁਕੰਮਲ ਕਰਜ਼ਾ ਮੁਆਫੀ ਤੋਂ ਭੱਜ ਚੁੱਕੀ ਹੈ, ਬਾਸਮਤੀ ਦੇ ਖਰਾਬੇ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ, ਗੰਨਾ ਮਿੱਲਾਂ ਚਲਾਉਣ ਬਾਰੇ ਵੀ ਕੋਈ ਪੱਕਾ ਫੈਸਲਾ ਨਹੀਂ ਹੈ, ਜਿਸ ਦੇ ਵਿਰੋਧ ਵਜੋਂ ਜਥੇਬੰਦੀ ਵੱਲੋਂ 13 ਦਸੰਬਰ ਤੋਂ ਦੋ ਦਿਨਾ ਰੇਲ ਰੋਕੋ ਅੰਦੋਲਨ ਪੰਜਾਬ ਤੇ ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਸ਼ੁਰੂ ਹੋਵੇਗਾ। ਇਸ ਮੌਕੇ ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਮਾਨ, ਡਾ. ਕੰਵਰਦਲੀਪ ਸਿੰਘ, ਸਵਿੰਦਰ ਸਿੰਘ ਰੂਪੋਵਾਲੀ, ਹਰਦੀਪ ਸਿੰਘ ਢੱਡੇ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਗੁਰਭੇਜ ਸਿੰਘ ਝੰਡੇ, ਮੇਜਰ ਸਿੰਘ ਅਬਦਾਲ, ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰਮਾਂਗਟ ਆਦਿ ਆਗੂ ਵੀ ਹਾਜ਼ਰ ਸਨ।
ਸ਼ਾਹਕੋਟ (ਗੁਰਮੀਤ ਖੋਸਲਾ): ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਵਾਲੇ ਐਲਾਨ ਨੂੰ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੇ ਸਿਦਕ, ਸਿਰੜ ਅਤੇ ਜਜ਼ਬੇ ਨਾਲ ਲੜੇ ਜਾ ਰਹੇ ਸ਼ਾਂਤਮਈ ਕਿਸਾਨੀ ਅੰਦੋਲਨ ਦੀ ਜਿੱਤ ਅਤੇ ਕੇਂਦਰ ਦੀ ਭਾਜਪਾ ਹਕੂਮਤ ਦੇ ਹੰਕਾਰ ਦੀ ਹਾਰ ਦੱਸਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਂਹਾ) ਦੇ ਜ਼ਿਲ੍ਹਾ ਕਨਵੀਨਰ ਮੋਹਨ ਸਿੰਘ ਬੱਲ,ਸਕੱਤਰ ਬਲਵੰਤ ਮਲਸੀਆਂ,ਅਤੇ ਸੁੱਖਪਾਲ ਸਿੰਘ ਰਾਈਵਾਲ ਨੇ ਕਿਹਾ ਕਿ ਜੇਕਰ ਪਰਧਾਨ ਮੰਤਰੀ ਆਪਣੀ ਹਠਧਰਮੀ ਛੱਡ ਕੇ ਇਕ ਸਾਲ ਪਹਿਲਾਂ ਇਹ ਫੈਸਲਾ ਕਰ ਦਿੰਦੇ ਤਾਂ 700 ਤੋਂ ਉੱਪਰ ਸ਼ਹੀਦ ਹੋਣ ਵਾਲੇ ਕਿਸਾਨਾਂ ਦੀਆਂ ਜਾਨਾਂ ਬਚ ਸਕਦੀਆਂ ਹਨ।
‘ਦਿੱਲੀ ਲਈ ਨਵੇਂ ਜਥੇ ਭੇਜ ਕੇ ਮੋਰਚੇ ਨੂੰ ਮਜ਼ਬੂਤ ਕਰਾਂਗੇ’
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਪਿੰਡ ਭਰਥਲਾ ਵਿਖੇ ਕਿਸਾਨ ਕਾਨਫਰੰਸ ਬੀਬੀ ਜਗਦੀਪ ਕੌਰ ਵੜੈਚ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਕਰਨ ਸਿੰਘ ਰਾਣਾ ਸੀਨੀਅਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਕਾਲੇ ਕਾਨੂੰਨ ਸੰਘਰਸ਼ ਰਾਹੀਂ ਵਾਪਸ ਕਰਵਾਉਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚਾ ਬ-ਦਸਤੂਰ ਜਾਰੀ ਰਹੇਗਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ‘ਤੇ ਦਿੱਲੀ ਲਈ ਨਵੇਂ ਜਥੇ ਭੇਜ ਕੇ ਮੋਰਚੇ ਨੂੰ ਮਜ਼ਬੂਤ ਕਰਾਂਗੇ। ਉਨ੍ਹਾਂ ਹੋਰ ਦੱਸਿਆ ਕਿ ਕਿਸਾਨਾਂ-ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਲਈ ਵੀ ਸੰਘਰਸ਼ ਚਲਾਇਆ ਜਾਵੇਗਾ। ਬਲਾਕ ਬਲਾਚੌਰ ਲਈ ਸਰਬ ਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਸਰਵ ਸ੍ਰੀ ਬਲਵੀਰ ਸਿੰਘ ਸਰਪੰਚ ਟੌਂਸਾ, ਤਰਲੋਚਨ ਸਿੰਘ ਪਨਿਆਲੀ, ਸੋਹਨ ਸਿੰਘ ਭਰਥਲਾ, ਮਨੋਹਰ ਲਾਲ ਰੱਤੇਵਾਲ, ਮੋਹਨ ਸਿੰਘ ਟੌਂਸਾ, ਪ੍ਰਤਾਪ ਸਿੰਘ ਰਾਣਾ, ਹਰਨੇਕ ਸਿੰਘ, ਸੰਤੋਖ ਸਿੰਘ, ਪਨਿਆਲੀ, ਧਰਮ ਪਾਲ ਭਰਥਲਾ, ਗੁਰਦਿਆਲ ਸਿੰਘ ਟੰਡੋਹ, ਬੀਬੀ ਜਗਦੀਪ ਕੌਰ ਵੜੈਚ ਕਮਾਲਪੁਰ, ਚੌਧਰੀ ਮੇਲਾ ਰਾਮ, ਕਰਨੈਲ ਸਿੰਘ ਭੱਲਾ, ਦਰਸ਼ਨ ਸਿੰਘ ਜਮੀਤਗੜ੍ਹ, ਕਾਬਲ ਸਿੰਘ ਜਲਾਲਪੁਰ, ਹਨੀ ਮੰਡ ਅਤੇ ਚਰਨ ਸਿੰਘ ਭੇਡੀਆਂ ਨੂੰ ਬਲਾਕ ਕਮੇਟੀ ਬਲਾਚੌਰ ਲਈ ਮੈਂਬਰ ਚੁਣਿਆ ਗਿਆ।
ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀ ਤੇ ਵਿੱਤੀ ਸਹਾਇਤਾ ਦੀ ਮੰਗ
ਚੇਤਨਪੁਰ (ਪੱਤਰ ਪੇ੍ਰਕ): ਕਿਰਤ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਧੰਨਵੰਤ ਸਿੰਘ ਖਤਰਾਏਂ ਕਲ੍ਹਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਿਲ੍ਹੇ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਇਸ ਮੀਟਿੰਗ ਦੌਰਾਂਨ ਪ੍ਰਭਜੀਤ ਸਿੰਘ ਤਿੰਮੋਵਾਲ, ਕਾਬਲ ਸਿੰਘ ਛੀਨਾ, ਹਰਪਾਲ ਸਿੰਘ ਛੀਨਾ, ਜਗਬੀਰ ਸਿੰਘ ਛੀਨਾ ਸਮੇਤ ਸਮੂਹ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤਿੰਨੇ ਖੇਤੀ ਕਾਨੂੰਨ ਰੱਦ ਹੋਣਗੇ ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਮੋਰਚੇ ਚ’ ਸ਼ਹੀਦ ਹੋਏ ਕਿਸਾਨਾਂ ਨੂੰ 2 ਮਿੰਟ ਦਾ ਮੋਨ ਰੱਖ ਸ਼ਰਧਾਜਲੀ ਭੇਟ ਕੀਤੀ ਅਤੇ ਸਰਕਾਰਾਂ ਪਾਸੋ ਮੰਗ ਕੀਤੀ ਕਿ ਸ਼ਹੀਦ ਹੋਏ ਪ੍ਰੀਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪ੍ਰੀਵਾਰ ਨੂੰ ਘੱਟੋ-ਘੱਟ 20 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਤੇਜਬੀਰ ਸਿੰਘ ਭੋਲਾ, ਸੁਖਦੇਵ ਸਿੰਘ ਡੱਬਰ, ਸੁਖਦੀਪ ਸਿੰਘ ਛੀਨਾ, ਕੁਲਵੰਤ ਸਿੰਘ ਤੋਲੇਨੰਗਲ, ਅਵਤਾਰ ਸਿੰਘ ਛੀਨਾ, ਬਲਵਿੰਦਰ ਸਿੰਘ ਮੁਕਾਮ, ਸਾਬਾ ਸਿੰਘ, ਹਰਜੀਤ ਸਿੰਘ ਸਰਕਾਰੀਆ ਆਦਿ ਹਾਜ਼ਰ ਸਨ।