ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਮਈ
ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆ ਦੇ ਹੱਕ ਵਿੱਚ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਰਦ ਕਰਵਾਉਣ ਲਈ ਦਿੱਲੀ ਦੇ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ 6 ਮਹੀਨੇ ਪੂਰੇ ਹੋ ਜਾਣਗੇ ਪਰ ਮੋਦੀ ਸਰਕਾਰ ਵਲੋਂ ਕਿਸਾਨੀ ਅੰਦੋਲਨ ਨੂੰ ਅਣਗੌਲਿਆ ਕਰਕੇ ਹੱਕ ਸੱਚ ਦੀ ਆਵਾਜ਼ ਦਬਾਉਣ ਦੇ ਰੋਸ ਵਜੋਂ 26 ਮਈ ਨੂੰ ਦੇਸ਼ ਭਰ ਵਿੱਚ ਘਰਾਂ ਦੁਕਾਨਾਂ, ਟਰੈਕਟਰ, ਮੋਟਰ ਗੱਡੀਆਂ ਉੱਤੇ ਕਾਲੇ ਝੰਡੇ ਲਗਾ ਕੇ ਬਲੈਕ ਡੇ ਮਨਾਇਆ ਜਾਵੇਗਾਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਹ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦਿੱਤੀ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਕਾਰਪੋਰੇਟ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਲਗਾਤਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ ਜਿਸ ਨਾਲ ਦੇਸ਼ ਦੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਮੰਡੀ ਅਤੇ ਬਾਜ਼ਾਰ ਉੱਤੇ ਪੂੰਜੀਪਤੀ ਘਰਾਣਿਆ ਦਾ ਕਬਜ਼ਾ ਹੋ ਜਾਵੇਗਾ।ਦੇਸ਼ ਭਰ ਵਿਚੋਂ ਸਸਤਾ ਅਨਾਜ ਖਰੀਦ ਕੇ ਵੱਡੇ ਵੱਡੇ ਗੋਦਾਮਾਂ ਵਿੱਚ ਅਨਾਜ ਸਟੋਰ ਕਰਨ ਨਾਲ ਅੰਨ ਸੰਕਟ ਪੈਦਾ ਹੋ ਜਾਵੇਗਾ ਤੇ ਵੱਡੀ ਪੱਧਰ ’ਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਕਾਰਪੋਰੇਟ ਘਰਾਣੇ ਨਕਲੀ ਅੰਨ ਸੰਕਟ ਪੈਦਾ ਕਰਕੇ ਬਾਜ਼ਾਰ ਵਿੱਚ ਮਹਿੰਗੇ ਭਾਅ ਤੇ ਅਨਾਜ ਵੇਚ ਕੇ ਹਰੇਕ ਵਰਗ ਦੀ ਲੁੱਟ ਖਸੁੱਟ ਕਰਨਗੇ। ਤਰਨ ਤਾਰਨ(ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਨੇ ਅੱਜ ਇਥੇ ਇਕ ਮੀਟਿੰਗ ਕਰਕੇ ਦਿੱਲੀ ਦੇ ਬਾਰਡਰਾਂ ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਦੇ ਛੇ ਮਹੀਨੇ ਪੂਰੇ ਹੋ ਜਾਣ ਤੇ ਭਲਕੇ ਜ਼ਿਲ੍ਹੇ ਵਿੱਚ ਕੇਂਦਰ ਸਰਕਾਰ ਖਿਲਾਫ਼ ਵਿਸ਼ਾਲ ਪੱਧਰ ਤੇ ਰੋਸ ਜ਼ਾਹਰ ਕਰਨ ਦੀ ਯੋਜਨਾ ਉਲੀਕੀ ਹੈ| ਮੀਟਿੰਗ ਵਿੱਚ ਸ਼ਾਮਲ ਵਰਕਰਾਂ ਨੂੰ ਜਥੇਬੰਦੀ ਦੇ ਸੀਨੀਅਰ ਆਗੂ ਤੇਜਿੰਦਰਪਾਲ ਸਿੰਘ ਰਾਜੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੀਆਂ ਪਿੰਡ ਇਕਾਈਆਂ ਵਲੋਂ ਕਾਲੇ ਦਿਨ ਦੇ ਤੌਰ ਤੇ ਮਨਾਉਣਗੇ ਅਤੇ ਪਿੰਡਾਂ, ਸ਼ਹਿਰਾਂ, ਕਸਬਿਆਂ ਆਦਿ ਵਿੱਚ ਸਰਕਾਰ ਦੇ ਪੁਤਲੇ ਸਾੜੇ ਜਾਣਗੇ| ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਦੁਗਲਵਾਲਾ, ਦਰਸ਼ਨ ਸਿੰਘ ਅਲਾਵਲਪੁਰ, ਕੁਲਦੀਪ ਸਿੰਘ ਬਨਵਾਲੀਪੁਰ,ਸਤਨਾਮ ਸਿੰਘ ਸ਼ਹਾਬਪੁਰ, ਜਲਵਿੰਦਰ ਸਿੰਘ ਰੈਸ਼ੀਆਨਾ, ਗਿਆਨਦੀਪ ਸਿੰਘ ਬਾਗੜੀਆਂ ਨੇ ਵੀ ਸੰਬੋਧਨ ਕੀਤਾ|
ਸ਼ਾਹਕੋਟ (ਪੱਤਰ ਪ੍ਰੇਰਕ): ਕਿਸਾਨ ਮਜਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੀ ਸਾਂਝੀ ਮੀਟਿੰਗ ਜ਼ਿਲ੍ਹਾ ਪਰਧਾਨ ਸਲਵਿੰਦਰ ਸਿੰਘ ਜਾਣੀਆਂ ਤੇ ਸਰਵਣ ਸਿੰਘ ਬਾਊਪੁਰ ਦੀ ਪ੍ਰਧਾਂਨਗੀ ਹੇਠ ਕੀਤੀ ਗਈ। ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਮਜਬੂਤ ਕਰਨ ਲਈ ਸਮੁੱਚੇ ਕਿਰਤੀਆਂ ਨੂੰ ਇਸ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।
ਗੁਰਦਾਸਪੁਰ ਵਿੱਚ ਇਪਟਾ ਦਾ ਸਥਾਪਨਾ ਦਿਵਸ ਮਨਾਇਆ
ਗੁਰਦਾਸਪੁਰ(ਜਤਿੰਦਰ ਬੈਂਸ):ਰੇਲਵੇ ਸਟੇਸ਼ਨ ਵਿਖੇ ਚੱਲ ਰਹੇ ਕਿਸਾਨ ਮੋਰਚੇ ਉਪਰ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਦਾ ਸਥਾਪਨਾ ਦਿਵਸ ਮਨਾਇਆ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਗੁਰਮੀਤ ਸਿੰਘ ਪਾਹੜਾ, ਮੱਖਣ ਕੋਹਾੜ, ਗੁਰਮੀਤ ਸਿੰਘ ਬਾਜਵਾ, ਡਾ. ਜਗਜੀਵਨ ਲਾਲ, ਪ੍ਰਿੰਸੀਪਲ ਰਛਪਾਲ ਸਿੰਘ ਘੁੰਮਣ ਨੇ ਕੀਤੀ।ਬੁਲਾਰਿਆ ਨੇ ਇਪਟਾ ਦੀ ਸਥਾਪਨਾ ਤੋਂ ਲੈਕੇ ਅਮਨ ਲਹਿਰ ਤੇ ਆਜ਼ਾਦੀ ਸੰਘਰਸ਼ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਮੌਜੂਦਾ ਕਿਸਾਨ ਸੰਘਰਸ਼ ਵਿੱਚ ਇਸਦੇ ਯੋਗਦਾਨ ਦਾ ਜਿਕਰ ਕੀਤਾ। ਆਗੂਆਂ ਨੇ ਕਿਹਾ ਕਿ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਦੇਸ਼ ਵਿੱਚ ਘਰ ਘਰ ਕਾਲੇ ਝੰਡੇ ਲਾ ਕੇ ਥਾਂ ਥਾਂ ਤੇ ਮੋਦੀ ਦੇ ਪੁਤਲੇ ਸਾੜ ਕੇ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ ਜਾਵੇਗੀ।
ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ
ਅਟਾਰੀ (ਦਿਲਬਾਗ ਗਿੱਲ): ਕਸਬਾ ਅਟਾਰੀ ਅਤੇ ਚੋਗਾਵਾਂ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦਾ ਜਥਾ ਪ੍ਰੇਮ ਸਿੰਘ ਭਰੋਭਾਲ, ਨੰਬਰਦਾਰ ਮਨਿੰਦਰ ਸਿੰਘ ਸ਼ਹੂਰਾ, ਰਣਜੀਤ ਸਿੰਘ ਮੁਹਾਵਾ, ਵਿਰਸਾ ਸਿੰਘ ਟਪਿਆਲਾ ਅਤੇ ਬਲਜੀਤ ਸਿੰਘ ਵਡਾਲਾ ਭਿੱਟੇਵੱਡ ਦੀ ਅਗਵਾਈ ਹੇਠ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਦੀ ਸਫਲਤਾ ਲਈ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਸਿਸੰਘ ਬਾਰਡਰ ’ਤੇ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ 26 ਮਈ ਨੂੰ ਪਿੰਡਾਂ ਵਿੱਚ ਮੋਦੀ-ਸ਼ਾਹ-ਜੁੰਡਲੀ ਦੇ ਪੁਤਲੇ ਸਾੜੇ ਜਾਣਗੇ ਅਤੇ ਕਾਲੇ ਝੰਡੇ ਲਾ ਕੇ ਪਿੰਡਾਂ ਵਿੱਚ ਵਿਰੋਧ ਕੀਤਾ ਜਾਵੇਗਾ।