ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਸਤੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸਯੁੰਕਤ ਕਿਸਾਨ ਮੋਰਚਾ (ਭਾਰਤ) ਦੇ ਸੱਦੇ ’ਤੇ ਕਾਰਪੋਰੇਟਾਂ ਖ਼ਿਲਾਫ਼ ਲੋਕ ਲਾਮਬੰਦੀ ਕਰਦਿਆਂ ਇਸ ਦਿਵਸ ਨੂੰ ਸਥਾਨਕ ਭੰਡਾਰੀ ਪੁਲ ’ਤੇ ਪੂਰੀ ਇਨਕਲਾਬੀ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮਾਸਟਰ ਅਮਰੀਕ ਸਿੰਘ ਸੰਗਤਪੁਰ, ਸਵਿੰਦਰ ਸਿੰਘ ਮੀਰਾਂਕੋਟ, ਬਲਦੇਵ ਸਿੰਘ ਵੇਰਕਾ, ਬਾਬਾ ਅਰਜਨ ਸਿੰਘ ,ਗੁਰਦੇਵ ਸਿੰਘ ਵਰਪਾਲ, ਮੰਗਲ ਸਿੰਘ ਟਾਂਡਾ ਤੇ ਅਮੋਲਕ ਸਿੰਘ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਭਗਤ ਸਿੰਘ ਦੇ ਜਨਮ ਦਿਨ ’ਤੇ ਲੋਕਾਂ ਨੂੰ ਕਾਰਪੋਰੇਟਾਂ ਦੀ ਲੁੱਟ ਖ਼ਿਲਾਫ਼ ਸੰਘਰਸ਼ ਕਰਨ ਦੀ ਅਪੀਲ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦਿਨੋ-ਦਿਨ ਮਹਿੰਗਾਈ ਵਧਾ ਕੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਡੀਏਪੀ ਖਾਦ ਨਹੀਂ ਮਿਲੀ ਅਤੇ ਹੁਣ ਹੋ ਰਹੀ ਝੋਨੇ ਦੀ ਖਰੀਦ ਵਿੱਚ ਵੀ ਵਪਾਰੀਆਂ ਨੂੰ ਕਿਸਾਨ ਦੀ ਲੁੱਟ ਕਰਨ ਵਾਸਤੇ ਖੁੱਲ੍ਹਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਮੁਜ਼ਾਹਰੇ ਨੂੰ ਸੁੱਚਾ ਸਿੰਘ ਅਜਨਾਲਾ, ਸੁਖਰਾਮਪੁਰ ਸਿੰਘ ਲੁਹਾਰਕਾ, ਰਤਨ ਸਿੰਘ ਰੰਧਾਵਾ ,ਗੁਰਲਾਲ ਸਿੰਘ ਲਾਲੀ ਤੇ ਮੁਖਤਾਰ ਸਿੰਘ ਤੋਂ ਇਲਾਵਾ ਹੋਰਾਂ ਨੇ ਵੀ ਸੰਬੋਧਨ ਕੀਤਾ।