ਜਗਤਾਰ ਲਾਂਬਾ
ਅੰਮ੍ਰਿਤਸਰ, 30 ਸਤੰਬਰ
ਮੰਡੀਆਂ ਵਿੱਚ ਬਾਸਮਤੀ ਦੇ ਡਿੱਗਦੇ ਭਾਅ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਿਹਾਇਸ਼ ਅੱਗੇ ਕੀਤੇ ਰੋਸ ਪ੍ਰਦਰਸ਼ਨ ਮਗਰੋਂ ਮਿਲੇ ਮੀਟਿੰਗ ਦੇ ਸੱਦੇ ’ਤੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਰਮਿਆਨ ਮੀਟਿੰਗ ਹੋਈ।
ਕਿਸਾਨ ਜਥੇਬੰਦੀਆਂ ਵੱਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਕਿਸਾਨ ਆਗੂ ਸ਼ਾਮਲ ਹੋਏ। ਕਿਸਾਨ ਆਗੂਆਂ ਮੰਗ ਕੀਤੀ ਪਿਛਲੇ ਦਿਨੀਂ ਬਾਸਮਤੀ ਦੇ ਘਟੇ ਭਾਅ ਕਾਰਨ ਕਿਸਾਨਾਂ ਦਾ ਬਹੁਤ ਆਰਥਿਕ ਨੁਕਸਾਨ ਹੋਇਆ ਜਿਸ ਦੀ ਭਰਪਾਈ ਪੰਜਾਬ ਸਰਕਾਰ ਕਰੇ ਅਤੇ ਅੱਗੇ ਤੋਂ ਬਾਸਮਤੀ 1509 ਦਾ 4500 ਰੁਪਏ ਅਤੇ 1121 ਦਾ 5500 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾਵੇ, ਡੀਏਪੀ ਖਾਦ ਦੀ ਕਾਲਾਬਜ਼ਾਰੀ ਬੰਦ ਕਰਕੇ ਕਣਕ ਦੀ ਬਿਜਾਈ ਤੋਂ ਪਹਿਲਾਂ ਉਪਲਬਧ ਕਰਵਾਈ ਜਾਵੇ ਅਤੇ ਖਾਦ ਨਾਲ ਜਬਰੀ ਦਿੱਤੀਆਂ ਜਾਂਦੀਆਂ ਵਸਤਾਂ ’ਤੇ ਰੋਕ ਲਗਾਈ ਜਾਵੇ, ਅਨਾਜ ਮੰਡੀ ਭਗਤਾਂ ਵਾਲਾ ਨੂੰ ਤਰਨ ਤਾਰਨ ਰੋਡ ਤੋਂ ਰਸਤਾ ਬਣਾਇਆ ਜਾਵੇ, ਚੁਗਾਵਾਂ ਤੇ ਸੰਗਤਪੁਰਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਾਵੇ।
ਕਿਸਾਨ ਆਗੂਆਂ ਦਾਅਵਾ ਕੀਤਾ ਕਿ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਘੱਟ ਭਾਅ ਵਿਕੀ ਬਾਸਮਤੀ ਦੇ ਨੁਕਸਾਨ ਦੀ ਭਰਪਾਈ ਵਪਾਰੀਆਂ ਕੋਲੋਂ ਕਰਵਾਈ ਜਾਵੇਗੀ, ਖਾਦ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ, ਭਗਤਾਂਵਾਲਾ ਮੰਡੀ ਨੂੰ ਨਵਾਂ ਰਸਤਾ ਬਣਾਉਣ ਲਈ ਕਾਰਵਾਈ ਕੀਤੀ ਜਾਵੇਗੀ।