ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 21 ਅਪਰੈਲ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਅੱਜ ਪਿੰਡ ਪੰਧੇਰ ਕਲਾਂ, ਪਿੰਡ ਚੱਬਾ, ਤਰਨ ਤਾਰਨ ਰੋਡ ਸਮੇਤ ਦਰਜਨਾਂ ਪਿੰਡਾਂ ਵਿੱਚ ਸੈਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਸਮੇਤ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਪੁਤਲੇ ਫੂਕ ਮੁਜ਼ਾਹਰਿਆਂ ਦੀ ਸ਼ੁਰੂਆਤ ਕੀਤੀ। ਆਗੂਆਂ ਨੇ ਕਿਹਾ ਕਿ ਕਣਕ ਦੀ ਨਿਰਵਿਘਨ ਖਰੀਦ ਕਰਾਉਣ, ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਤੇ ਫਰਦਾਂ ਲੈਣ ਵਾਲੀ ਸ਼ਰਤ ਹਟਾਉਣ ਦੇ ਲਈ 21 ਤੋਂ 25 ਅਪਰੈਲ ਤੱਕ ਪਿੰਡ ਪੱਧਰ ’ਤੇ ਪੁਤਲੇ ਫੂਕੇ ਜਾਣਗੇ।
ਆਗੂਆਂ ਨੇ ਕਿਹਾ ਕਿ ਸਿਹਤ ਮਹਿਕਮੇ ਦੀ ਹਾਲਤ ਬਹੁਤ ਮਾੜੀ ਹੈ ਤੇ ਜ਼ਬਰੀ ਲੋਕਡਾਊਨ ਲਗਾ ਕੇ ਕਰੋਨਾ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਮੋਦੀ ਸਰਕਾਰ ਕਰੋਨਾ ਦੇ ਨਾਮ ’ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਬੰਦ ਕਰੇ ਅਤੇ ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ 5 ਮਈ ਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਚੱਲ ਰਹੀ ਹੈ। ਜੇਕਰ ਮੋਦੀ ਸਰਕਾਰ ਕਿਸਾਨਾਂ ’ਤੇ ਕੋਈ ਜ਼ਬਰੀ ਹੁਕਮ ਲਾਗੂ ਕਰਦੀ ਹੈ ਤਾਂ ਲੱਖਾਂ ਕਿਸਾਨ ਤੁਰੰਤ ਦਿੱਲੀ ਨੂੰ ਕੂਚ ਕਰਨਗੇ।
ਇਸ ਮੌਕੇ ਲਾਲੀ ਪੰਧੇਰ, ਗੁਰਦਿਆਲ ਸਿੰਘ, ਸੇਵਾ ਸਿੰਘ ਪੰਧੇਰ, ਗੁਰਦੇਵ ਸਿੰਘ ਵਰਪਾਲ, ਕਿਰਪਾਲ ਸਿੰਘ, ਕੰਵਲਜੀਤ ਸਿੰਘ ਵੰਨਚੜੀ, ਫਤਹਿ ਸਿੰਘ, ਗੁਰਦੇਵ ਸਿੰਘ ਬੁੱਤ, ਪਿਆਰ ਸਿੰਘ, ਸ਼ੀਤਲ ਸਿੰਘ ਪੰਡੋਰੀ, ਮੰਗਜੀਤ ਸਿੰਘ ਸਿੱਧਵਾਂ, ਕੁਲਦੀਪ ਸਿੰਘ, ਡਾਕਟਰ ਬਿੱਲਾ, ਨਿਰਵੈਲ ਸਿੰਘ, ਨਿਸ਼ਾਨ ਸਿੰਘ, ਗਿਆਨ ਸਿੰਘ ਰੰਧਾਵਾ ਹਾਜ਼ਰ ਸਨ
ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਕਿਸਾਨ ਯੂਨੀਅਨ (ਪੰਜਾਬ) ਦੇ ਸੀਨੀਅਰ ਆਗੂ ਹੁਸ਼ਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਅੱਜ ਕਿਸਾਨਾਂ ਦੀ ਮੀਟਿੰਗ ਸ਼ਹੀਦ ਸਰਬਜੀਤ ਸਿੰਘ ਭਿੱਟੇਵੱਡ ਯਾਦਗਾਰੀ ਹਾਲ ਕੁੱਕੜਾਂਵਾਲਾ ਵਿੱਚ ਹੋਈ ਅਤੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਹੁਸ਼ਿਆਰ ਸਿੰਘ ਝੰਡੇਰ ਨੇ ਦੱਸਿਆ ਕਿ ਕਿਸਾਨੀ ਨੂੰ ਖਤਮ ਕਰਨ ਵਾਲੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਹੱਥਾਂ ’ਤੇ ਚੁੱਕੀ ਫਿਰਦੇ ਹਨ ਪਰ ਹੁਣ ਕਿਸਾਨ ਸਾਰੀ ਗੱਲ ਸਮਝ ਚੁੱਕੇ ਹਨ। ਪਿੰਡਾਂ ਵਿੱਚੋਂ ਕਿਸਾਨ ਕਾਫਲਿਆਂ ਦੇ ਰੂਪ ਵਿੱਚ ਦਿੱਲੀ ਨੂੰ ਘੇਰਨ ਲਈ ਚਾਲੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਕਮ ਸਰਕਾਰਾਂ ਨੇ 73 ਸਾਲ ਦੇਸ਼ ਵਾਸੀਆਂ ਨੂੰ ਲੁੱਟਿਆ ਤੇ ਕੁੱਟਿਆ ਹੈ ਪਰ ਹੁਣ ਕਿਰਤੀ ਲੋਕ ਜਬਰ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਜਿਹੜੇ ਖੇਤੀ ਵਿਰੋਧੀ ਕਾਨੂੰਨ ਲੈ ਕੇ ਆਈ ਹੈ, ਉਹ ਪੂਰੇ ਸਮਾਜ ਦੀ ਬਰਬਾਦ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਕਿਰਤੀ ਲੋਕ ਉਦੋਂ ਤੱਕ ਦਿੱਲੀ ਤੋਂ ਵਾਪਸ ਨਹੀਂ ਆਉਣਗੇ ਜਦੋਂ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ।
ਗੁਰਦਾਸਪੁਰ (ਜਤਿੰਦਰ ਬੈਂਸ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਗੁਰਦਾਸਪੁਰ ਜ਼ੋਨ ਵਿੱਚ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਜ਼ੋਨਲ ਪ੍ਰਧਾਨ ਰਣਬੀਰ ਸਿੰਘ ਡੁਗਰੀ, ਸੁਖਦੇਵ ਸਿੰਘ ਅੱਲੜ ਪਿੰਡੀ, ਬਾਬਾ ਕਰਨੈਲ ਸਿੰਘ ਆਦੀ, ਸਤਨਾਮ ਸਿੰਘ ਅੱਲੜ ਪਿੰਡੀ ਅਤੇ ਸੁਖਵਿੰਦਰ ਸਿੰਘ ਅੱਲੜ ਪਿੰਡੀ ਨੇ ਕਿਹਾ ਕਿ ਮੋਦੀ ਸਰਕਾਰ ਕਰੋਨਾ ਦੀ ਆੜ ਹੇਠ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦਾ ਭਰਮ ਭਾਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਸਫਲ ਹੋਵੇਗਾ ਤੇ ਸਰਕਾਰ ਨੂੰ ਹਰ ਹਾਲਤ ਵਿੱਚ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਕੇ ਐੱਮਐੱਸਪੀ ਫਸਲਾਂ ਦੀ ਗਾਰੰਟੀ ਵਾਲਾ ਕਾਨੂੰਨ ਲਿਆਉਣਾ ਪਵੇਗਾ ਅਤੇ ਕੇਂਦਰ ਦੇ ਅਧਿਕਾਰ ਖੇਤਰ ਅੰਦਰ ਬਿਜਲੀ ਸੋਧ ਐਕਟ ਵੀ ਵਾਪਸ ਲੈਣਾ ਪਵੇਗਾ। ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਲਦ ਬਾਰਦਾਨੇ ਦੀ ਘਾਟ ਦੂਰ ਨਾ ਕੀਤੀ ਜਾਵੇ ਨਹੀਂ ਤਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਧਰ ਸਥਾਨਕ ਰੇਲਵੇ ਸਟੇਸ਼ਨ ਅੱਗੇ ਕਿਸਾਨਾਂ ਦਾ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਪੱਕਾ ਮੋਰਚਾ ਜਾਰੀ ਹੈ ਅਤੇ ਆਗੂਆਂ ਨੇ ਬਾਰਦਾਨੇ ਦੀ ਘਾਟ ਦੇ ਸਬੰਧ ਵਿੱਚ 22 ਅਪਰੈਲ ਨੂੰ ਡੀਸੀ ਨੂੰ ਮਿਲਣ ਦਾ ਫੈਸਲਾ ਕੀਤਾ।