ਜਗਤਾਰ ਸਿੰਘ ਲਾਂਬਾ/ਪਾਲ ਸਿੰਘ ਨੌਲੀ
ਅੰਮ੍ਰਿਤਸਰ/ਜਲੰਧਰ, 1 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਥੇ ਬੈਸਟ ਪ੍ਰਾਈਜ਼ ਅੱਗੇ ਐਲਾਨ ਕੀਤਾ ਕਿ ਭੁੱਚੋ (ਬਠਿੰਡਾ) ਬੈਸਟ ਪ੍ਰਾਈਜ਼ ਦੇ ਮੁਲਾਜ਼ਮਾਂ ਦੀ ਨੌਕਰੀ ਦੀ ਬਹਾਲੀ ਲਈ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਵਿਖੇ ਇਨ੍ਹਾਂ ਦੇ ਸਟੋਰਾਂ ਅੱਗੇ 6 ਅਕਤੂਬਰ ਤੱਕ ਨਿਰੰਤਰ ਧਰਨਿਆਂ ਦੇ ਐਲਾਨ ਤੋਂ ਬਾਅਦ ਸਾਰੇ ਮੁਲਾਜ਼ਮਾਂ ਨੂੰ ਨੌਕਰੀ ’ਤੇ ਬਹਾਲ ਕਰਨ ਦੀ ਮੰਗ ਪ੍ਰਵਾਨ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੀਨੀਅਰ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਬੈਸਟ ਪ੍ਰਾਈਜ਼ ਦੇ ਮੁੰਬਈ ਤੋਂ ਆਏ ਵਫਦ ਅਤੇ ਬਠਿੰਡਾ ਦੇ ਮਾਲ ਮੁਖੀਆਂ ਨਾਲ ਹੋਈ ਮੀਟਿੰਗ ਵਿੱਚ ਇਹ ਫੈਸਲਾ ਹੋਇਆ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸ਼ਾਪਿੰਗ ਸੈਂਟਰ ਬੈਸਟ ਪ੍ਰਾਈਜ਼ ਦੇ ਬਾਹਰ ਦਿੱਤਾ ਧਰਨਾ ਅੱਜ ਸ਼ਾਮ ਉਸ ਵੇਲੇ ਖਤਮ ਕਰ ਦਿੱਤਾ ਜਦੋਂ ਇਸ ਵਪਾਰਕ ਸੰਸਥਾ ਵਲੋਂ ਕੱਢੇ ਹੋਏ ਕਰਮਚਾਰੀਆਂ ਨੂੰ ਵਾਪਸ ਰੱਖਣ ਦਾ ਭਰੋਸਾ ਦਿੱਤਾ ਗਿਆ।ਜਥੇਬੰਦੀ ਦੇ ਆਗੂ ਰਛਪਾਲ ਸਿੰਘ ਟਰਪਈ ਨੇ ਦੱਸਿਆ ਕਿ ਇਸ ਵਪਾਰਕ ਸੰਸਥਾ ਦੇ ਪੰਜਾਬ ਵਿਚ ਵੱਖ ਵੱਖ ਥਾਵਾਂ ਬਠਿੰਡਾ, ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ ਆਦਿ ਥਾਵਾਂ’ਤੇ ਇਨ੍ਹਾਂ ਦੇ ਕੇਂਦਰਾਂ ਬਾਹਰ ਧਰਨੇ ਦਿੱਤੇ ਗਏ ਹਨ। ਅੰਮ੍ਰਿਤਸਰ ਵਿੱਚ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਹਾਜ਼ਰ ਰਹੇ।