ਜਗਤਾਰ ਸਿੰਘ ਲਾਂਬਾ
ਅੰਮਿ੍ਤਸਰ, 14 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਅਟਾਰੀ ਵੱਲੋਂ ਭਖਦੇ ਮਸਲੇ ਹਾਈਵੇਅ ਅਤੇ ਘਰਿੰਡਾ ਤੋਂ ਬੀੜ ਬਾਬਾ ਬੁੱਢਾ ਸਾਹਿਬ ਦੀ ਸੜਕ ਦੀ ਖਸਤਾ ਹਾਲਤ ਸਣੇ ਇੱਕੋਂ ਥਾਂ ਐਕੁਆਇਰ ਜ਼ਮੀਨਾਂ ਦੇ ਵੱਖ-ਵੱਖ ਭਾਅ ਦੇਣ ਖ਼ਿਲਾਫ਼ ਅਤੇ ਹੋਰ ਮਸਲਿਆਂ ਨੂੰ ਲੈ ਕੇ ਅੱਜ ਸਥਾਨਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਲੈ ਕੇ ਪਹਿਲਾ ਵੀ ਮੰਗ ਪੱਤਰ ਦਿੱਤੇ ਗਏ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਅੱਜ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇਣਾ ਪਿਆ ਹੈ। ਜਥੇਬੰਦੀ ਦੇ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਹਾਈਵੇਅ ਦਾ ਮੁੱਦਾ ਲਗਾਤਾਰ ਚੁੱਕਿਆ ਜਾ ਰਿਹਾ ਪਰ ਹੁਣ ਤੱਕ ਕਥਿਤ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਇਹ ਅਧਿਕਾਰੀ ਇੱਕ ਹੀ ਥਾਂ ਦੀ ਜ਼ਮੀਨ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਰੱਖ ਕੇ ਕਿਸਾਨਾਂ ਨੂੰ ਜ਼ਮੀਨ ਦੇ ਵੱਖ-ਵੱਖ ਰੇਟ ਦੇ ਰਹੇ ਹਨ, ਜੋ ਕਿ ਜਾਇਜ਼ ਨਹੀਂ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਘਰਿੰਡਾ ਤੋਂ ਬੀੜ ਬਾਬਾ ਬੁੱਢਾ ਸਾਹਿਬ ਸੜਕ ਦੀ ਹਾਲਤ ਖਸਤਾ ਹੈ ਜਦਕਿ ਅੰਮ੍ਰਿਤਸਰ ਤੋਂ ਫਤਹਿਗੜ੍ਹ ਚੂੜੀਆਂ ਰੋਡ ਦੀ ਮੁਰੰਮਤ ਕਰਕੇ ਇਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਅਤੇ। ਇਨ੍ਹਾਂ ਮੰਗਾਂ ਨੂੰ ਲੈ ਕੇ ਹੀ ਅੱਜ ਧਰਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਡੀਸੀ ਅੰਮ੍ਰਿਤਸਰ ਨਾਲ ਮੀਟਿੰਗ ਹੋਈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਮਸਲੇ ਕੀਤੇ ਜਾਣਗੇ। ਕਿਸਾਨ ਆਗੂਆਂ ਕਿਹਾ ਕਿ ਡੀਸੀ ਵੱਲੋਂ ਦਿੱਤੇ ਭਰੋਸੇ ਮਗਰੋਂ ਉਹ ਧਰਨਾ ਮੁਲਤਵੀ ਕਰ ਰਹੇ ਹਨ ਤੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਦੀ ਹਮਾਇਤ ’ਚ ਮੰਗ ਪੱਤਰ ਸੌਂਪਿਆ
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਸੱਤ ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿੱਚ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਐੱਸਡੀਐੱਮ ਫਤਿਹਗੜ੍ਹ ਚੂੜੀਆਂ ਨੂੰ ਸੌਂਪਿਆ ਗਿਆ। ਮੰਗ ਪੱਤਰ ਨਾਇਬ ਤਹਿਸੀਲਦਾਰ ਰਾਜਵਿੰਦਰ ਕੌਰ ਅਤੇ ਐੱਸਡੀਐੱਮ ਰੀਡਰ ਚਰਨਜੀਤ ਕੌਰ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਡੀਸੀ ਗੁਰਦਾਸਪੁਰ ਨੂੰ ਵੀ ਮੰਗ ਪੱਤਰ ਦੇ ਕੇ ਰਾਜ ਮਿਸਤਰੀ ਅਤੇ ਮਜ਼ਦੂਰਾਂ ਲਈ ਫਤਿਹਗੜ੍ਹ ਚੂੜੀਆਂ ਬੈਠਣ ਲਈ ਜਗ੍ਹਾ ਬਣਾ ਕੇ ਦੇਣ ਦੀ ਮੰਗ ਕੀਤੀ ਗਈ।