ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਤਿਰੰਗਾ ਤੇ ਕਿਸਾਨੀ ਝੰਡੇ ਲੈ ਕੇ ਮਾਰਚ ਕੱਢੇ ਜਾਣਗੇ। ਇਸ ਫੈ਼ਸਲੇ ਬਾਰੇ ਜਾਣਕਾਰੀ ਅਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਅੰਮ੍ਰਿਤਸਰ ਇਕਾਈ ਦੀ ਮੀਟਿੰਗ ਵਿੱਚ ਦਿੱਤੀ ਗਈ। ਇਹ ਮੀਟਿੰਗ ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਦਿੱਲੀ ਵਿੱਚ 9 ਸਾਲ ਦੀ ਬੱਚੀ ਨਾਲ ਹੋਈ ਜਬਰ-ਜਨਾਹ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ। 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਣ ਬਾਰੇ ਸੰਜੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਅੰਮ੍ਰਿਤਸਰ ਸ਼ਹਿਰ ਅਤੇ ਆਲੇ-ਦੁਆਲੇ ਦੇ ਕਸਬਿਆਂ ਤੇ ਪਿੰਡਾਂ ਤੱਕ ਤਿਰੰਗਾ ਤੇ ਕਿਸਾਨੀ ਝੰਡੇ ਲੈ ਕੇ ਮਾਰਚ ਕੱਢੇ ਜਾਣਗੇ।
ਬੀਜੇਪੀ ਸਰਕਾਰ ਦੇ ਕੁਝ ਆਗੂੂਆਂ ਵੱਲੋ ਕਿਸਾਨਾਂ ਨੂੰ ਅਤਿਵਾਦੀ ਤੇ ਵੱਖਵਾਦੀ ਕਹੇ ਜਾਣ ’ਤੇ ਕਿਸਾਨ ਆਗੂਆਂ ਨੂੰ ਕਿਹਾ ਕਿ ਕਿਸਾਨ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਇਸ ਸਬੰਧ ਵਿਚ ਦੇਸ਼ ਭਗਤੀ ਦਾ ਸਰਟੀਫਿਕੇਟ ਆਰਐੱਸਐੱਸ ਤੇ ਬੀਜੇਪੀ ਤੋਂ ਲੈਣ ਦੀ ਲੋੜ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਬੀਜੇਪੀ ਦੇ ਰਾਜ ਵਿਚ ਗੁੰਡਾਗਰਦੀ ਸਿਖਰਾਂ ’ਤੇ ਪੁੱਜ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਬਰ-ਜਨਾਹ ਦੀ ਘਟਨਾ ਦੇ ਵਿਰੋਧ ਵਿੱਚ 9 ਜੁਲਾਈ ਨੂੰ ਸਵੇਰੇ 11 ਵਜੇ ਹਾਲ ਗੇਟ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਜਾਵੇਗੀ। ਇਸ ਮਗਰੋਂ 15 ਅਗਸਤ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਤਿਰੰਗਾ ਅਤੇ ਕਿਸਾਨੀ ਝੰਡੇ ਲਾ ਕੇ ਟਰੈਕਟਰ ਤੇ ਮੋਟਰਸਾਈਕਲ ਮਾਰਚ ਕੱਢੇ ਜਾਣਗੇ। ਇਸ ਮੌਕੇ ਰਤਨ ਸਿੰਘ ਰੰਧਾਵਾ, ਮਹਿਤਾਬ ਸਿੰਘ ਸਿਰਸਾ, ਬਲਵਿੰਦਰ ਸਿੰਘ ਦੁੱਧਾਲਾ, ਬਲਦੇਵ ਸਿੰਘ ਬੱਲ, ਸੁਖਵਿੰਦਰ ਸਿੰਘ ਸਾਂਗਣਾ, ਨਿਸ਼ਾਨ ਸਿੰਘ, ਸੁਰਿੰਦਰ ਸਿੰਘ ਮੀਰਾਕੋਟ ਤੇ ਗੁਰਸਾਹਿਬ ਸਿੰਘ ਹਾਜ਼ਰ ਸਨ।
ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਚੈੱਕ ਭੇਟ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਆਜ਼ਾਦ ਕਿਸਾਨ ਕਮੇਟੀ ਦੋਆਬਾ ਵੱਲੋਂ ਰਿਲਾਇੰਸ ਸ਼ੋਅਰੂਮ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਦੌਰਾਨ ਅੱਜ ਹਰਪ੍ਰੀਤ ਕੌਰ ਸੰਘਾ ਨੇ ਸ਼ਹੀਦ ਲਖਵਿੰਦਰ ਸਿੰਘ ਲੱਖੀ ਦੀ ਪਤਨੀ ਬਲਵੀਰ ਕੌਰ, ਸ਼ਹੀਦ ਕੁਲਵਿੰਦਰ ਸਿੰਘ ਸਤੌਰ ਦੀ ਪਤਨੀ ਸੁਰਿੰਦਰ ਕੌਰ ਤੇ ਸ਼ਹੀਦ ਨਿਰਮਲ ਸਿੰਘ ਪਿੰਡ ਰੰਧਾਵਾ ਦੇ ਭਰਾ ਅਮਰੀਕ ਸਿੰਘ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਭੇਟ ਕੀਤੇ। ਕਿਸਾਨ ਆਗੂ ਰਣਜੀਤ ਸਿੰਘ ਕਾਹਰੀ, ਗੁਰਦੀਪ ਸਿੰਘ ਖੁਣਖੁਣ, ਹਰਬੰਸ ਸਿੰਘ ਸੰਘਾ ਅਤੇ ਸੁਖਪਾਲ ਸਿੰਘ ਕਾਹਰੀ ਨੇ ਦੱਸਿਆ ਕਿ ਹਰਪ੍ਰੀਤ ਸੰਘਾ ਨੇ ਯੂਐੱਸਏ ’ਚ ਰਹਿੰਦੇ ਪੰਜਾਬੀਆਂ ਨੂੰ ਉਕਤ ਕਿਸਾਨ ਪਰਿਵਾਰਾਂ ਦੀ ਮਦਦ ਲਈ ਅਪੀਲ ਕੀਤੀ ਸੀ। ਗੁਰਦੀਪ ਸਿੰਘ ਖੁਣਖੁਣ ਨੇ ਹਰਪ੍ਰੀਤ ਕੌਰ ਸੰਘਾ ਦਾ ਧੰਨਵਾਦ ਕੀਤਾ।