ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਪਰੈਲ
ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਸਿਹਤ ਵਿਭਾਗ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਅਤੇ ਇਕ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਇਸ ਦੌਰਾਨ ਅੱਜ ਕਰੋਨਾ ਕਾਰਨ ਜ਼ਿਲ੍ਹੇ ਵਿੱਚ 6 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 337 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੋਨਾ ਕਾਰਨ 31 ਸਾਲਾਂ ਦੇ ਮਨਦੀਪ ਸਿੰਘ ਵਾਸੀ ਸੁਲਤਾਨਵਿੰਡ ਰੋਡ, 62 ਸਾਲਾਂ ਦੇ ਚੰਚਲ ਸਿੰਘ ਵਾਸੀ ਫਰੈਂਡਜ਼ ਐਵੀਨਿਊ, 55 ਸਾਲਾਂ ਦੀ ਨੀਲਮ ਵਾਸੀ ਫਤਹਿ ਸਿੰਘ ਕਲੋਨੀ ਗੇਟ ਹਕੀਮਾਂ, 80 ਸਾਲਾਂ ਦੀ ਜਸਵੰਤ ਕੌਰ ਪਿੰਡ ਓਠੀਆਂ, 52 ਸਾਲਾਂ ਦੇ ਦਲਬੀਰ ਸਿੰਘ ਵਾਸੀ ਇੰਪੀਰੀਅਲ ਸਿਟੀ ਲੋਪੋਕੇ ਰੋਡ ਅਤੇ 70 ਸਾਲਾਂ ਦੀ ਹਰਬੰਸ ਕੌਰ ਵਾਸੀ ਇੰਦਰਾ ਕਲੋਨੀ ਦੀ ਮੌਤ ਹੋਈ ਹੈ। ਇਨ੍ਹਾਂ 6 ਮੌਤਾਂ ਨਾਲ ਕਰੋਨਾ ਕਾਰਨ ਹੋਈਆਂ ਮੌਤਾਂ ਦਾ ਕੁੱਲ ਅੰਕੜਾ ਵਧ ਕੇ 693 ਹੋ ਗਿਆ ਹੈ। ਅੱਜ 337 ਨਵੇਂ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਜ਼ੇਰੇ ਇਲਾਜ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3297 ਹੋ ਗਈ ਹੈ।
ਪ੍ਰਤਾਪ ਨਗਰ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ: ਸਿਹਤ ਵਿਭਾਗ ਨੇ ਪ੍ਰਤਾਪ ਨਗਰ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਇਸੇ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਨਿਊ ਪ੍ਰਤਾਪ ਨਗਰ ਇਲਾਕੇ ਦੀ ਇਕ ਗਲੀ ਵਿਚ ਕਰੋਨਾ ਦੀ ਸ਼ੰਕਾ ਤਹਿਤ 94 ਵਿਅਕਤੀਆਂ ਦੇ ਸੈਂਪਲ ਲਏ ਹਨ ਅਤੇ ਇਨ੍ਹਾਂ ਵਿੱਚੋਂ 7 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਨੇ ਇਸ ਇਲਾਕੇ ਨੂੰ ਮਾਈਕਰੋ ਕੰਟੇਨਮੈਂਟ ਖੇਤਰ ਐਲਾਨ ਦਿੱਤਾ ਹੈ। ਇਸ ਤੋਂ ਇਲਾਵਾ ਬਸੰਤ ਐਵੀਨਿਊ ਦੇ ਦੋ ਇਲਾਕੇ, ਪਿੰਡ ਮਾਹਲ ਤੇ ਪਿੰਡ ਓਠੀਆਂ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ।
ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹੇ ਵਿੱਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਅੱਜ ਕਰੋਨਾ ਕਾਰਨ 9 ਮੌਤਾਂ ਹੋਈਆਂ ਹਨ ਜਦੋਂਕਿ 479 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ ਵਾਇਰਸ ਕਾਰਨ 933 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 30,562 ਤੱਕ ਪਹੁੰਚ ਗਈ ਹੈ। ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿੱਚ 439 ਜਲੰਧਰ ਇਲਾਕੇ ਨਾਲ ਸਬੰਧਤ ਹਨ ਅਤੇ 40 ਮਰੀਜ਼ ਬਾਹਰਲੇ ਜ਼ਿਲ੍ਹਿਆਂ ਦੇ ਹਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ ’ਚ ਅੱਜ 154 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂਕਿ 9 ਮਰੀਜ਼ਾਂ ਦੀ ਮੌਤ ਹੋਈ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 13988 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕੁੱਲ 562 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 1663 ਕੇਸ ਐਕਟਿਵ ਹਨ ਅਤੇ 12,783 ਮਰੀਜ਼ ਤੰਦਰੁਸਤ ਹੋਏ ਹਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਇਥੇ ਅੱਜ ਕਰੋਨਾ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਐੱਸਐੱਮਓ ਡਾ. ਕਮਲ ਕਿਸ਼ੋਰ ਨੇ ਕਿਹਾ ਕਿ ਪਾਜ਼ੇਟਿਵ ਵਿਅਕਤੀਆਂ ਨੂੰ ਕੁਆਰਨਟਾਈਨ ਕਰ ਦਿੱਤਾ ਗਿਆ ਹੈ।
ਹਰਿਮੰਦਰ ਸਾਹਿਬ ਕੰਪਲੈਕਸ ’ਚ ਕੋਵਿਡ ਨਿਯਮ ਲਾਗੂ; ਮਾਸਕ ਪਹਿਨਣਾ ਲਾਜ਼ਮੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਇਥੇ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਸਿਹਤ ਵਿਭਾਗ ਨੇ ਕੋਵਿਡ ਨਿਯਮਾਂ ਦੀ ਪਾਲਣਾ ਜ਼ਰੂਰੀ ਕਰ ਦਿੱਤੀ ਹੈ ਜਿਸ ਤਹਿਤ ਸ਼ਰਧਾਲੂਆਂ ਨੂੰ ਮਾਸਕ ਪਹਿਨਣਾ ਪਵੇਗਾ, ਸਮਾਜਿਕ ਦੂਰੀ ਬਣਾ ਕੇ ਰੱਖਣੀ ਪਵੇਗੀ ਅਤੇ ਹੱਥਾਂ ਨੂੰ ਸੈਨੇਟਾਈਜ਼ ਵੀ ਕਰਨਾ ਪਵੇਗਾ। ਇਹ ਫੈਸਲਾ ਅੱਜ ਸ਼੍ਰੋਮਣੀ ਕਮੇਟੀ ਅਤੇ ਜ਼ਿਲ੍ਹਾ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਹੋਈ ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਐੱਸਡੀਐੱਮ ਵਿਕਾਸ ਹੀਰਾ ਅਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਸਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਸਾਰਿਆਂ ਨੂੰ ਸਾਵਧਾਨੀ ਵਰਤਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਵੀ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਰਸਤਿਆਂ ਅਤੇ ਚੌਗਿਰਦੇ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਪਹਿਲਾਂ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਜਾਂਚ ਲਈ ਸਿਹਤ ਵਿਭਾਗ ਦੀਆਂ ਟੀਮਾਂ ਤੈਨਾਤ ਸਨ, ਜੋ ਕਿ ਹੁਣ ਨਹੀਂ ਹਨ। ਹਾਲ ਹੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਦੋ ਪ੍ਰਵੇਸ਼ ਦੁਆਰਾਂ ’ਤੇ ਸੈਨੇਟਾਈਜ਼ਰ ਰੱਖੇ ਗਏ ਹਨ ਪਰ ਸ਼ਰਧਾਲੂ ਇਸ ਦੀ ਵਰਤੋਂ ਘੱਟ ਹੀ ਕਰਦੇ ਹਨ। ਨਿਗਰਾਨੀ ਵਾਲਾ ਅਮਲਾ ਵੀ ਇਸ ਬਾਰੇ ਸ਼ਰਧਾਲੂਆਂ ਨੂੰ ਸੁਚੇਤ ਨਹੀਂ ਕਰ ਰਿਹਾ। ਹੁਣ ਸਿਹਤ ਵਿਭਾਗ ਹਰਿਮੰਦਰ ਸਾਹਿਬ ਵਿੱਚ ਕਰੋਨਾ ਟੀਕਾਕਰਨ ਮੁਹਿੰਮ ਵੀ ਸ਼ੁਰੂ ਕਰੇਗੀ। ਇਸੇ ਦੌਰਾਨ ਡਿਪਟੀ ਕਮਿਸ਼ਨਰ, ਪੁਲੀਸ ਕਮਿਸ਼ਨਰ ਅਤੇ ਹੋਰਨਾ ਪਤਵੰਤਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵਲੋਂ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ।