ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਨਵੰਬਰ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 6 ਕਿਲੋ 498 ਗ੍ਰਾਮ ਹੈਰੋਇਨ ਅਤੇ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਚਰਨਜੀਤ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲੀਸ ਨੇ ਚਾਰ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਨਸ਼ਾ ਤੇ ਹਥਿਆਰ ਤਸਕਰੀ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 6 ਕਿਲੋ 498 ਗ੍ਰਾਮ ਹੈਰੋਇਨ, ਦੋ ਮੋਬਾਈਲ ਫੋਨ ਅਤੇ 32 ਬੋਰ ਦਾ ਦੇਸੀ ਪਿਸਤੌਲ, ਮੈਗਜ਼ੀਨ ਅਤੇ ਚਾਰ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਮਲਕੀਤ ਸਿੰਘ ਵਾਸੀ ਪਿੰਡ ਬੱਚੀਵਿੰਡ, ਬਲਜਿੰਦਰ ਸਿੰਘ ਉਰਫ ਤੋਤਾ ਵਾਸੀ ਪਿੰਡ ਮੱਖਣਪੁਰਾ, ਗੁਰਭੇਜ ਸਿੰਘ ਵਾਸੀ ਪਿੰਡ ਕੱਕੜ ਕਲਾ, ਫਰੈਂਕੋ ਮਸੀਹ ਅਤੇ ਅਰਸ਼ ਮਸੀਹ ਵਾਸੀ ਪਿੰਡ ਕੁਰਾਲੀਆਂ ਵਜੋਂ ਹੋਈ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੋਪੋਕੇ ਦੀ ਪੁਲੀਸ ਨੇ ਮਲਕੀਤ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਤੋਤਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਐੱਨਡੀਪੀਐੱਸ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਹੋਰ ਮਾਮਲੇ ਵਿੱਚ ਲੋਪੋਕੇ ਪੁਲੀਸ ਨੇ ਗੁਰਭੇਜ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਤਿੰਨ ਕਿਲੋ ਹੈਰੋਇਨ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਘਰਿੰਡਾ ਦੀ ਪੁਲੀਸ ਨੇ ਜਗਰੂਪ ਸਿੰਘ ਉਰਫ ਸਾਜਨ ਦੇ ਘਰ ਛਾਪਾ ਮਾਰ ਕੇ ਉੱਥੋ ਇਕ ਕਿਲੋ 498 ਗਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਉਸ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਹੇਠ ਕੇਸ ਦਰਜ ਕੀਤਾ ਹੈ। ਉਸ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।
ਇੱਕ ਹੋਰ ਮਾਮਲੇ ਵਿੱਚ ਰਮਦਾਸ ਪੁਲੀਸ ਨੇ ਪਿੰਡ ਲੱਭੇ ਦਰਿਆ ਦੇ ਕੋਲੋਂ ਗੈਰਕਾਨੂੰਨੀ ਹਥਿਆਰ ਬਰਾਮਦ ਕਰਦਿਆ ਫਰੈਂਕੋ ਮਸੀਹ ਅਤੇ ਅਰਸ਼ ਮਸੀਹ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 32 ਬੋਰ ਦਾ ਦੇਸੀ ਪਿਸਤੌਲ, ਮੈਗਜ਼ੀਨ ਅਤੇ ਚਾਰ ਗੋਲੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਖ਼ਿਲਾਫ਼ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਬਲਜਿੰਦਰ ਸਿੰਘ ਉਰਫ ਤੋਤਾ ਖਿਲਾਫ ਪਹਿਲਾਂ ਥਾਣਾ ਰੋਪੜ, ਗੁਰਭੇਜ ਸਿੰਘ ਖ਼ਿਲਾਫ਼ ਐੱਸਏਐੱਸ ਨਗਰ ਤੇ ਫਰੈਂਕੋ ਮਸੀਹ ਖ਼ਿਲਾਫ਼ ਥਾਣਾ ਮਜੀਠਾ ਰੋਡ ’ਤੇ ਇੱਕ-ਇੱਕ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਅਗਲੇਰੀ ਜਾਂਚ ਜਾਰੀ ਹੈ।