ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਅਪਰੈਲ
ਪੁਲੀਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਲਗਪਗ 700 ਗਰਾਮ ਹੈਰੋਇਨ, ਇਕ ਕਿਲੋ ਗਾਂਜਾ ਅਤੇ ਦੋ ਪਿਸਤੌਲਾਂ ਤੇ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਵਿਚੋਂ ਇਕ ਪਿਸਤੌਲ ਇਟਲੀ ਦੀ ਬਣੀ ਹੋਈ ਹੈ। ਥਾਣਾ ਕੰਨਟੋਨਮੈਂਟ ਦੀ ਪੁਲੀਸ ਨੇ ਸੁਨੀਲ ਕੁਮਾਰ ਉਰਫ ਨੋਨੀ ਬਾਕਸਰ ਅਤੇ ਕਪਿਲ ਕੁਮਾਰ ਉਰਫ ਪੱਪਲ ਦੋਵੇਂ ਵਾਸੀ ਰਾਮ ਤੀਰਥ ਰੋਡ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ 500 ਗਰਾਮ ਹੈਰੋਇਨ ਅਤੇ ਇਕ ਪਿਸਤੌਲ ਜੋ ਇਟਲੀ ਦੀ ਬਣੀ ਹੋਈ ਹੈ, ਬਰਾਮਦ ਕੀਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਸੀਆਈਏ ਸਟਾਫ ਦੇ ਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਪੁਲੀਸ ਨੇ ਐੱਨਡੀਪੀਐੱਸ ਐਕਟ ਅਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਗਾਉਂ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਔਰਤ ਲਕਸ਼ਮੀ ਦੇਵੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇਕ ਕਿਲੋ ਗਾਂਜਾ ਬਰਾਮਦ ਕੀਤਾ ਹੈ। ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਔਰਤ ਪਹਿਲਾਂ ਜਲੰਧਰ ਕੈਂਟ ਵਿਚ ਰਹਿੰਦੀ ਸੀ ਅਤੇ ਹੁਣ ਰੀਗੋ ਬ੍ਰਿਜ ਨੇੜੇ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੀ ਹੈ। ਪੁਲੀਸ ਨੇ ਉਸ ਦੇ ਖ਼ਿਲਾਫ਼ ਐਨਡੀਪੀਐੱਸ ਐਕਟ ਹੇਠ ਕੇਸ ਦਰਜ ਕੀਤਾ ਹੈ।
ਇਕ ਵੱਖਰੇ ਕੇਸ ਵਿਚ ਥਾਣਾ ਮਕਬੂਲਪੁਰਾ ਦੀ ਪੁਲੀਸ ਨੇ ਸੁਖਪ੍ਰੀਤ ਸਿੰਘ ਸੁੱਖਾ ਨੂੰ ਗ੍ਰਿਫਤਾਰ ਕਰਕੇ 255 ਗਰਾਮ ਹੈਰੋਇਨ, ਇਕ ਪਿਸਤੌਲ (.32 ਬੋਰ) ਅਤੇ 5 ਗੋਲੀਆਂ ਬਰਾਮਦ ਕੀਤੀਆਂ ਹਨ। ਉਸ ਖ਼ਿਲਾਫ਼ ਐਨਡੀਪੀਐੱਸ ਐਕਟ ਅਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ।
ਤਿੰਨ ਭਗੌੜੇ ਮੁਲਜ਼ਮ ਕਾਬੂ
ਪਠਾਨਕੋਟ (ਐਨ. ਪੀ. ਧਵਨ): ਪੀਓ ਸਟਾਫ ਅਤੇ ਸੀਆਈਏ ਸਟਾਫ ਪਠਾਨਕੋਟ ਨੇ ਸੁਜਾਨਪੁਰ ਵਿੱਚ ਦਰਜ ਇੱਕ ਕੇਸ ਦੇ ਤਿੰਨ ਭਗੌੜੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇੰਨ੍ਹਾਂ ਮੁਲਜ਼ਮਾਂ ਵਿੱਚ ਬਲਵਿੰਦਰ ਉਰਫ ਗੌਰੀ, ਹਨੀ, ਸੰਨੀ ਉਰਫ ਮਨੀ ਵਾਸੀਅਨ ਵਾਰਡ ਨੰਬਰ 5 ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਸ਼ਾਮਲ ਹਨ। ਪੀਓ ਸਟਾਫ ਦੇ ਇੰਚਾਰਜ ਏਐੱਸਆਈ ਰਵਿੰਦਰ ਕੁਮਾਰ ਨੇ ਦੱਸਿਆ ਕਿ ਇੰਨ੍ਹਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸੁਜਾਨਪੁਰ ਵਿੱਚ 6 ਜੁਲਾਈ 2015 ਨੂੰ ਆਈਪੀਸੀ ਦੀ ਧਾਰਾ 323, 324, 326, 34 ਤਹਿਤ ਕੇਸ ਦਰਜ ਹੋਇਆ ਸੀ ਤੇ ਤਿੰਨਾਂ ਨੂੰ ਕਾਬੂ ਕੀਤਾ ਗਿਆ ਸੀ। ਬਾਅਦ ਵਿੱਚ ਇੰਨ੍ਹਾਂ ਦੀ ਜ਼ਮਾਨਤ ਹੋ ਗਈ ਤੇ ਇੰਨ੍ਹਾਂ ਮੁਲਜ਼ਮਾਂ ਨੇ ਕੇਸ ਦੀਆਂ ਤਰੀਕਾਂ ’ਤੇ ਅਦਾਲਤ ਵਿੱਚ ਸੁਣਵਾਈ ਮੌਕੇ ਹਾਜ਼ਰ ਹੋਣਾ ਬੰਦ ਕਰ ਦਿੱਤਾ। ਸੀਜੇਐੱਮ ਕਮਲਦੀਪ ਸਿੰਘ ਨੇ 13 ਜੂਨ 2019 ਨੂੰ ਇਨ੍ਹਾਂ ਮੁਲਜ਼ਮਾਂ ਇਸ਼ਤਿਹਾਰੀ ਮੁਲਜ਼ਮ ਐਲਾਨ ਦਿੱਤਾ। ਪੁਲੀਸ ਨੇ ਹੁਣ ਇਨ੍ਹਾਂ ਨੂੰ ਕਾਬੂ ਕਰ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ।
ਲੁੱਟਾਂ-ਖੋਹਾਂ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਗੁਰਦਾਸਪੁਰ (ਕੇਪੀ ਸਿੰਘ): ਗੁਰਦਾਸਪੁਰ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਲੁੱਟ ਦੇ ਸਾਮਾਨ ਸਣੇ ਕਾਬੂ ਕੀਤਾ ਹੈ। ਡੀਐੱਸਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਵਾਸੀ ਕਾਦੀਆਂ ਵਾਲੀ ਨੇ ਪਹਿਲੀ ਅਪਰੈਲ ਨੂੰ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਮਗਰੋਂ ਆਪਣੀ ਸਕੂਟਰੀ ’ਤੇ ਸ਼ਾਮ ਨੂੰ ਸੂਆ ਪਟੜੀ ਤੋਂ ਗੁਜ਼ਰ ਰਿਹਾ ਸੀ ਕਿ ਰਸਤੇ ਵਿੱਚ ਤਿੰਨ ਨੌਜਵਾਨ ਖੜ੍ਹੇ ਸਨ। ਦੋ ਨੌਜਵਾਨ ਉਸ ਦੇ ਸਾਹਮਣੇ ਆਉਣ ’ਤੇ ਉਸ ਨੇ ਆਪਣੀ ਸਕੂਟਰੀ ਰੋਕੀ ਤਾਂ ਤੀਸਰੇ ਨੇ ਉਸ ਨੂੰ ਕਲਾਵਾ ਮਾਰ ਕੇ ਉਸ ਦੀਆਂ ਬਾਂਹਾਂ ਬੰਨ੍ਹ ਲਈਆਂ ਤੇ ਉਸ ਨੂੰ ਧਮਕਾ ਕੇ ਮੋਬਾਈਲ ਫ਼ੋਨ, 62 ਸੌ ਰੁਪਏ ਨਗਦ, ਜ਼ਰੂਰੀ ਕਾਗ਼ਜ਼ਾਤ ਖੋਹ ਲਏ ਅਤੇ ਧੱਕਾ ਮਾਰ ਕੇ ਉਸ ਨੂੰ ਸੂਏ ਵਿੱਚ ਸੁੱਟ ਦਿੱਤਾ ਅਤੇ ਉਸ ਦੀ ਸਕੂਟਰੀ ਨਾਲ ਲੈ ਕੇ ਦੌੜ ਗਏ। ਪੁਲੀਸ ਨੇ ਇਸ ਸਬੰਧ ਮਾਮਲਾ ਦਰਜ ਕਰ ਕੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਰਵੀ ਮੱਟੂ, ਸੁਨੀਲ ਮੱਟੂ ਵਾਸੀ ਮਸਤ ਕੋਟ ਅਤੇ ਮਨਦੀਪ ਸਿੰਘ ਵਾਸੀ ਹਕੀਮਪੁਰ ਵਜੋਂ ਹੋਈ ਹੈ। ਉਨ੍ਹਾਂ ਤੋਂ ਖੋਹੀ ਗਈ ਸਕੂਟਰੀ ਅਤੇ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ।