ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਮਾਰਚ
ਪੁਲੀਸ ਨੇ ਸਕੂਟਰ-ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚੋਰੀ ਦੇ 40 ਦੋਪਹੀਆ ਵਾਹਨ ਬਰਾਮਦ ਕੀਤੇ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਜਸਪਾਲ ਸਿੰਘ ਉਰਫ ਜੱਸਾ, ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਪ੍ਰਤਾਪ ਸਿੰਘ ਉਰਫ ਚੰਦ ਤਿੰਨੋਂ ਵਾਸੀ ਪਿੰਡ ਵਰਪਾਲ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਇਕ ਵੱਖਰੇ ਕੇਸ ਵਿਚ ਮਲੂਕ ਸਿੰਘ ਵਾਸੀ ਸਤਨਾਮ ਨਗਰ ਝਬਾਲ ਰੋਡ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਖਿਲਾਫ ਪੁਲੀਸ ਵਲੋਂ ਥਾਣਾ ਬੀ ਡਿਵੀਜ਼ਨ ਵਿਚ ਆਈਪੀਸੀ ਦੀ ਧਾਰਾ 379, 411, 34 ਹੇਠ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧ ਵਿਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਸੀਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਚੋਰੀ ਹੋਏ ਦੋਪਹੀਆ ਵਾਹਨ ਬਰਾਮਦ ਕਰਨ ਲਈ ਮੁਹਿੰਮ ਚਲਾਈ ਗਈ ਸੀ। ਇਸ ਸਬੰਧੀ ਵੱਖ ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਾਹਨ ਚੋਰੀ ਦੇ ਮਾਮਲੇ ਵਿਚ ਇਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਜਸਪਾਲ ਸਿੰਘ ਉਰਫ ਜੱਸਾ, ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਪ੍ਰਤਾਪ ਸਿੰਘ ਉਰਫ ਚੰਦ ਸ਼ਾਮਲ ਹਨ। ਇਨ੍ਹਾਂ ਕੋਲੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਚੋਰੀ ਕੀਤੇ ਹੋਏ 28 ਮੋਟਰਸਾਈਕਲ ਤੇ ਸਕੂਟਰ ਬਰਾਮਦ ਹੋਏ। ਉਨ੍ਹਾਂ ਦਸਿਆ ਕਿ ਇਸ ਗਰੋਹ ਦੇ ਕੁਝ ਹੋਰ ਮੈਂਬਰ ਫਿਲਹਾਲ ਗ੍ਰਿਫਤਾਰ ਕਰਨੇ ਬਾਕੀ ਹਨ ਅਤੇ ਉਨ੍ਹਾਂ ਕੋਲੋਂ ਵੀ ਚੋਰੀ ਦੇ ਵਾਹਨ ਬਰਾਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਇਕ ਵੱਖਰੇ ਮਾਮਲੇ ਵਿਚ ਮਲੂਕ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਗੁਰਦਾਸਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਉਸ ਕੋਲੋਂ ਸਖਤੀ ਨਾਲ ਕੀਤੀ ਪੁੱਛਗਿਛ ਮਗਰੋਂ ਚੋਰੀ ਕੀਤੇ 12 ਸਕੂਟਰ ਬਰਾਮਦ ਕੀਤੇ ਹਨ। ਉਸ ਖਿਲਾਫ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਚੋਰੀ ਕੀਤੇ ਹੋਏ 40 ਦੋਪਹੀਆ ਵਾਹਨ ਬਰਾਮਦ ਕੀਤੇ ਹਨ। ਇਸ ਮੌਕੇ ਏਸੀਪੀ ਅਭਿਮਨਿਊ ਰਾਣਾ, ਐਸਐਚਓ ਲਵਦੀਪ ਸਿੰਘ ਤੇ ਹੋਰ ਹਾਜ਼ਰ ਸਨ।