ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਅਪਰੈਲ
ਪੁਲੀਸ ਨੇ ਲੁੱਟ-ਖੋਹ ਅਤੇ ਚੋਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਚੋਰੀ ਦੇ 25 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪਾਲ ਸਿੰਘ ਉਰਫ ਹੈਪੀ, ਗੋਪੀ, ਹਰਿ ਸਿਮਰਨ ਸਿੰਘ ਉਰਫ ਸੈਮ ਅਤੇ ਹਰਪ੍ਰੀਤ ਸਿੰਘ ਉਰਫ ਮਾਊ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਵਿੱਚ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਪੁਲੀਸ ਦੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਵਾਹਨ ਚੋਰੀ ਕਰਨ ਦਾ ਧੰਦਾ ਕਰਦੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਹੋਏ 25 ਮੋਟਰਸਾਈਕਲ, ਤਿੰਨ ਮੋਬਾਈਲ, ਦੋ ਆਧਾਰ ਕਾਰਡ ਅਤੇ ਇੱਕ ਮਹਿਲਾ ਪਰਸ ਬਰਾਮਦ ਕੀਤਾ। ਘਟਨਾ ਵੇਲੇ ਵਰਤਿਆ ਜਾਂਦਾ ਇੱਕ ਦਾਤਰ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਕੇਸ ਵਿੱਚ ਗ੍ਰਿਫਤਾਰ ਗੁਰਪਾਲ ਸਿੰਘ ਉਰਫ ਹੈਪੀ ਅਤੇ ਗੋਪੀ ਦੇ ਕੋਲੋਂ ਵੱਖ-ਵੱਖ ਕੰਪਨੀਆਂ ਦੇ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਦੋਵੇਂ ਨੌਜਵਾਨ 18 ਅਤੇ 20 ਸਾਲ ਉਮਰ ਦੇ ਹਨ। ਇਨ੍ਹਾਂ ਨੂੰ ਕਚਹਿਰੀ ਨੇੜੇ ਖੇਤਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ । ਦੂਜੇ ਕੇਸ ਵਿੱਚ ਗ੍ਰਿਫਤਾਰ ਕੀਤੇ ਹਰਸਿਮਰਨ ਸਿੰਘ ਅਤੇ ਹਰਪ੍ਰੀਤ ਕੋਲੋਂ 15 ਮੋਟਰਸਾਈਕਲ, ਮਹਿਲਾ ਪਰਸ , ਆਧਾਰ ਕਾਰਡ ਅਤੇ ਦਾਤਰ ਬਰਾਮਦ ਹੋਇਆ ਹੈ। ਇਹ ਦੋਵੇਂ ਵੀ ਕ੍ਰਮਵਾਰ 25 ਅਤੇ 20 ਸਾਲ ਉਮਰ ਦੇ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਮੈਡੀਕਲ ਕਾਲਜ ਮਜੀਠਾ ਰੋਡ ਦੇ ਇਲਾਕੇ ਵਿੱਚੋਂ ਕਾਬੂ ਕੀਤਾ ਹੈ। ਇਸ ਸਬੰਧੀ ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨਗਰ ਨਿਗਮ ਦਾ ਸਾਮਾਨ ਚੋਰੀ ਕਰਨ ਵਾਲਾ ਕਾਬੂ
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਬੰਦ ਪਏ ਪੁਰਾਣੇ ਪਸ਼ੂ ਹਸਪਤਾਲ ਦੀ ਇਮਾਰਤ ਵਿੱਚ ਨਗਰ ਨਿਗਮ ਦੀਆਂ ਖੜ੍ਹੀਆਂ ਕੰਡਮ ਗੱਡੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਨੂੰ ਅੱਜ ਨਿਗਮ ਮੁਲਾਜ਼ਮਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਬਾਅਦ ਵਿੱਚ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਇਹ ਜਾਣਕਾਰੀ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੁਰਜੀਤ ਸਿੰਘ ਨੇ ਦਿੱਤੀ।