ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 7 ਅਗਸਤ
ਖੇਡ ਸੰਸਥਾ ‘ਸਰਹੱਦ-ਏ-ਪੰਜਾਬ ਸਪੋਰਟਸ ਕਲੱਬ’ ਵੱਲੋਂ ਸਮਾਜ ਭਲਾਈ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏ ‘ਸਾਲਾਨਾ ਇਨਾਮ ਵੰਡ ਸਮਾਰੋਹ’ ਦੌਰਾਨ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਅੱਜ ਦੀਆਂ ਲੜਕੀਆਂ ਕਿਸੇ ਵੀ ਕੰਮ ਵਿੱਚ ਲੜਕਿਆਂ ਤੋਂ ਪਿੱਛੇ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਓਲੰਪਿਕ ਖੇਡਾਂ ਵਿੱਚ ਲੜਕੀਆਂ ਵੱਲੋਂ ਮੈਡਲ ਜਿੱਤਣਾ ਹੈ।
ਸ੍ਰੀ ਸੋਨੀ ਨੇ ਕਿਹਾ ਕਿ ਲੜਕੀਆਂ ਜਿੱਥੇ ਬਾਹਰ ਦਾ ਕੰਮ ਸੁਚੱਜੇ ਢੰਗ ਨਾਲ ਕਰਦੀਆਂ ਹਨ, ਉੱਥੇ ਹੀ ਆਪਣੇ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਸੰਭਾਲਦੀਆਂ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਵੀ ਔਰਤਾਂ ਨੂੰ ਅੱਗੇ ਲਿਆਉਣ ਵਾਸਤੇ ਹਰੇਕ ਖੇਤਰ ਵਿੱਚ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਸੰਸਥਾ ਵੱਲੋਂ 18 ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲਿਆਂ ਦਾ ਸਨਮਾਨ ਸਮਾਰੋਹ ਅੱਜ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਹਾਲ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ ਦੀ ਦੇਖ ਰੇਖ ਹੇਠ ਹੋਇਆ। ਇਸ ਸਮਾਰੋਹ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੂੰ ਸ੍ਰੀ ਸੋਨੀ ਨੇ ਗੋਲਡ ਮੈਡਲਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ। ਜੇਤੂ ਟਰਾਫੀ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਅਤੇ ਉਪ ਜੇਤੂ ਟਰਾਫੀ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਨੇ ਪ੍ਰਾਪਤ ਕੀਤੀ। ਸੋਨੀ ਨੇ ਕਲੱਬ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਸਨਮਾਨ ਪ੍ਰਾਪਤ ਕਰਨ ਵਾਲ਼ਿਆਂ ਵਿੱਚ ਗੁਨਤਾਜ ਕੌਰ, ਵੰਸ਼ਿਕਾ, ਨੈਣਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਕਿਰਨਦੀਪ ਕੌਰ, ਦਮਨਪ੍ਰੀਤ ਕੌਰ ਮੱਟੂ, ਅੰਕਿਤਾ ਅਤੇ ਕ੍ਰਿਤਿਕਾ ਸ਼ਾਮਲ ਸਨ।