ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਵੀਂ ਖੋਜ ਨਾਲ ਹੁਣ ਪਲਾਸਟਿਕ ਨੂੰ ਸਿਰਫ ਗਾਲਣਾ ਹੀ ਸੌਖਾ ਨਹੀਂ ਹੋਵੇਗਾ ਸਗੋਂ ਉਸ ਦੀ ਮੁੜ ਵਰਤੋਂ ਕੀਤੀ ਜਾਣੀ ਵੀ ਅੱਗੇ ਨਾਲੋਂ ਸੌਖਾਲੀ ਹੋ ਜਾਵੇਗੀ। ਯੂਨੀਵਰਸਿਟੀ ਦੀ ਇਹ ਨਵੀਂ ਖੋਜ ਡਾ. ਤੇਜਵੰਤ ਸਿੰਘ ਕੰਗ ਅਤੇ ਉਨ੍ਹਾਂ ਦੀ ਖੋਜ ਟੀਮ ਦੇ ਨਾਂ ਹੇਠ ਰੌਇਲ ਸੁਸਾਇਟੀ ਆਫ ਕੈਮਿਸਟਰੀ, ਲੰਡਨ ਦੇ ਵਿਸ਼ਵ ਪੱਧਰੀ ਖੋਜ ਜਰਨਲ ‘ਗਰੀਨ ਕੈਮਿਸਟਰੀ’ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ, ਜਿਸ ਦੀ ਵਿਸ਼ਵ ਪੱਧਰ ’ਤੇ ਚਰਚਾ ਹੋ ਰਹੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਖੋਜ ਨਾਲ ਵਿਸ਼ਵ ਪੱਧਰ ’ਤੇ ਯੂਨੀਵਰਸਿਟੀ ਦਾ ਨਾਂ ਉੱਚਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਖੋਜ ਤੋਂ ਪਹਿਲ਼ਾਂ ਵਿਸ਼ਵ ਪੱਧਰ ’ਤੇ ਜੋ ਪਲਾਸਟਿਕ ਨੂੰ ਗਾਲਣ ਲਈ ਪ੍ਰਣਾਲੀ ਵਰਤੀ ਜਾਂਦੀ ਸੀ, ਉਸ ਵਿਚ ਉੱਚ ਤਾਪਮਾਨ ਦੀ ਲੋੜ ਪੈਂਦੀ ਸੀ ਅਤੇ ਫਿਰ ਵੀ ਜਿਸ ਸਥਿਤੀ ਵਿਚ ਪਲਾਸਟਿਕ ਨੂੰ ਗਾਲਣ ਦੀ ਲੋੜ ਹੈ, ਉਸ ਸਥਿਤੀ ਤਕ ਅਜੇ ਤਕ ਗਾਲਣਾ ਸੰਭਵ ਨਹੀਂ ਹੋਇਆ ਸੀ। ਪਰ ਹੁਣ ਯੂਨੀਵਰਸਿਟੀ ਦੀ ਨਵੀਂ ਖੋਜ ਨਾਲ ਪਲਾਸਟਿਕ ਨੂੰ ਸੌਖਿਆਂ ਗਾਲਣਾ ਸੰਭਵ ਹੋ ਸਕੇਗਾ। ਡਾ. ਤੇਜਵੰਤ ਸਿੰਘ ਕੰਗ ਨੇ ਦੱਸਿਆ ਕਿ ਖੋਜ ਸਬੰਧੀ ਹਾਂ-ਪੱਖੀ ਨਤੀਜੇ ਪ੍ਰਾਪਤ ਹੋਏ ਹਨ, ਜਿਸ ਨਾਲ ਇਕ ਨਵੀਂ ਪ੍ਰਣਾਲੀ ਦਾ ਮੁੱਢ ਬੱਝ ਸਕਦਾ ਹੈ।