ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 25 ਅਗਸਤ
‘ਦਿ ਵੀਕ-ਹੰਸਾ ਰਿਸਰਚ ਸਰਵੇ-2020’ ਦੀ ਤਾਜ਼ਾ ਜਾਰੀ ਰਿਪੋਰਟ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਚੋਟੀ ਦੀਆਂ 10 ਲੋਕ ਰਾਜ ਬਹੁ-ਅਨੁਸ਼ਾਸਨੀ (ਪਬਲਿਕ ਸਟੇਟ ਮਲਟੀ-ਡਿਸਪਲੇਨਰੀ) ਯੂਨੀਵਰਸਿਟੀਆਂ ਵਿੱਚ 7ਵਾਂ ਸਥਾਨ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਨਿਰੰਤਰ ਅਤੇ ਅਣਥੱਕ ਯਤਨਾਂ ਸਦਕਾ ਯੂਨੀਵਰਸਿਟੀ ਲਗਾਤਾਰ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੀ ਹੈ। ਕੋਵਿਡ 19 ਦੇ ਚੁਣੌਤੀਪੂਰਨ ਹਾਲਾਤਾਂ ਵਿਚ ਯੂਨੀਵਰਸਿਟੀ ਵੱਲੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਚੁੱਕੇ ਗਏ ਉਸਾਰੂ ਕਦਮਾਂ ਦੀ ਬਦੌਲਤ ਹੀ ਯੂਨੀਵਰਸਿਟੀ ਨੂੰ ਵੱਖ-ਵੱਖ ਸਰਵੇ ਰਿਪੋਰਟਾਂ ਵਿਚ ਉਪਰਲੇ ਦਰਜੇ ਦਾ ਸਥਾਨ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਦ ਵੀਕ-ਹੰਸਾ ਰਿਸਰਚ ਸਰਵੇ-2020’ ਵਿਚ ਉੱਤਰੀ ਭਾਰਤ ਦੀਆਂ ਕੇਂਦਰੀ, ਰਾਜ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 8ਵਾਂ ਸਥਾਨ ਪ੍ਰਾਪਤ ਹੋਣਾ ਵੀ ਅਹਿਮ ਹੈ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੀਆਂ ਰਾਜ ਪਬਲਿਕ ਯੂਨੀਵਰਸਿਟੀਆਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਰਾਜ ਕਾਰਪੋਰੇਟ ਅਤੇ ਭਾਰਤ ਸਰਕਾਰ ਵੱਲੋਂ ਫੰਡ ਪ੍ਰਾਪਤ ਕਰਨ ਵਾਲੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬਾਅਦ ਪਹਿਲੇ ਸਥਾਨ ’ਤੇ ਹੈ।