ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਤਿਸਰ, 8 ਨਵੰਬਰ
ਸਥਾਨਕ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸ਼ਾਰਜਾਹ ਤੋਂ ਆਏ ਦੋ ਯਾਤਰੂਆਂ ਕੋਲੋਂ ਲਗਪਗ 1641 ਗਰਾਮ ਸੋਨਾ ਬਰਾਮਦ ਕੀਤਾ ਹੈ। ਇਸ ਸੋਨੇ ਦੀ ਬਾਜ਼ਾਰੀ ਕੀਮਤ ਲਗਪਗ ਇਕ ਕਰੋੜ ਰੁਪਏ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਹਵਾਈ ਕੰਪਨੀ ਦੀ ਇੱਕ ਉਡਾਣ ਰਾਹੀਂ ਦੋ ਯਾਤਰੂ ਸ਼ਾਰਜਾਹ ਤੋਂ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਸ਼ੱਕ ਪੈਣ ’ਤੇ ਜਦੋਂ ਉਕਤ ਯਾਤਰੂਆਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੇ ਮੋਟਰਾਂ ਦੇ ਪੁਰਜ਼ਿਆਂ ਵਿੱਚ ਇਸ ਸੋਨੇ ਨੂੰ ਲੁਕਾਇਆ ਹੋਇਆ ਸੀ। ਉਨ੍ਹਾਂ ਦੱਸਿਆ ਸੋਨੇ ਦਾ ਕੁੱਲ ਵਜ਼ਨ 1641 .60 ਗ੍ਰਾਮ ਹੈ। ਇਸ ਸੋਨੇ ਦੀ ਬਾਜ਼ਾਰ ਵਿੱਚ ਕੀਮਤ ਲਗਪਗ 99 ਲੱਖ 71 ਹਜ਼ਾਰ 78 ਰੁਪਏ ਹੈ। ਵਿਭਾਗ ਵੱਲੋਂ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।