ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਜੂਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿੱਚ ਲਗਭਗ 10 ਹਜ਼ਾਰ ਪੁਲੀਸ ਮੁਲਾਜ਼ਮਾਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਜਾਣ ਕਾਰਨ ਸਰਕਾਰ ਚਰਚਾ ਵਿੱਚ ਘਿਰੀ ਹੋਈ ਹੈ। ਪੰਜਾਬ ਵਿੱਚ ਵੱਡੇ ਪੱਧਰ ’ਤੇ ਪੁਲੀਸ ਮੁਲਾਜ਼ਮਾਂ ਦੇ ਕੀਤੇ ਗਏ ਤਬਾਦਲਿਆਂ ਤੋਂ ਇਹ ਪ੍ਰਭਾਵ ਗਿਆ ਹੈ ਕਿ ਸਰਕਾਰ ਚੋਣ ਨਤੀਜਿਆਂ ਤੋਂ ਖੁਸ਼ ਨਹੀਂ ਸੀ ਅਤੇ ਇਸ ਦਾ ਗੁੱਸਾ ਪੁਲੀਸ ਮੁਲਾਜ਼ਮਾਂ ’ਤੇ ਲਾਹਿਆ ਗਿਆ। ਇਸ ਮਾਮਲੇ ਵਿੱਚ ਅੱਜ ਪੰਜਾਬ ਪੁਲੀਸ ਦੇ ਬਾਰਡਰ ਰੇਂਜ ਦੇ ਡੀਆਈਜੀ ਰਾਕੇਸ਼ ਕੌਸ਼ਲ ਨੇ ਖੁਲਾਸਾ ਕਰਦਿਆਂ ਕਿਹਾ ਕਿ ਇਹ ਤਬਾਦਲੇ ਰੁਟੀਨ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਬਾਰਡਰ ਰੇਂਜ ਦੇ ਚਾਰ ਜ਼ਿਲ੍ਹਿਆਂ- ਅੰਮ੍ਰਿਤਸਰ ਦਿਹਾਤੀ, ਪਠਾਨਕੋਟ, ਬਟਾਲਾ ਤੇ ਗੁਰਦਾਸਪੁਰ ਵਿੱਚ ਲਗਭਗ 125 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਇੱਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਅੰਮ੍ਰਿਤਸਰ ਜ਼ਿਲ੍ਹੇ ਵਿੱਚ 94.65 ਕਿਲੋ ਹੈਰੋਇਨ ਬਰਾਮਦ ਹੋਈ ਹੈ ਜਦੋਂਕਿ ਗੁਰਦਾਸਪੁਰ ਪੁਲੀਸ ਜ਼ਿਲ੍ਹੇ ਵਿੱਚੋਂ 17 ਕਿਲੋ, ਪਠਾਨਕੋਟ ਵਿੱਚ 8.7 ਕਿਲੋ ਅਤੇ ਬਟਾਲਾ ਵਿੱਚ 4.9 ਕਿਲੋ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਜ਼ੀਰੋ ਟਾਲਰੈਂਸ ਵਾਲੀ ਨੀਤੀ ਅਪਣਾਈ ਹੈ ਅਤੇ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਨੇ ਇਸ ਮਾਮਲੇ ਵਿੱਚ 410 ਤਸਕਰ ਕਾਬੂ ਕੀਤੇ ਹਨ ਅਤੇ 304 ਕੇਸ ਦਰਜ ਕੀਤੇ ਹਨ। ਪੰਜਾਬ ਪੁਲੀਸ ਵਿੱਚ ਕੀਤੇ ਗਏ ਵੱਡੇ ਪੱਧਰ ’ਤੇ ਤਬਾਦਲਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਰੁਟੀਨ ਮਾਮਲਾ ਹੈ ਅਤੇ ਇਹ ਤਬਾਦਲਿਆਂ ਦੀ ਨੀਤੀ ਅਨੁਸਾਰ ਕੀਤੇ ਗਏ ਹਨ।
ਇਸ ਨੀਤੀ ਤਹਿਤ ਕੋਈ ਵੀ ਇੰਸਪੈਕਟਰ ਜਾਂ ਸਬ ਇੰਸਪੈਕਟਰ ਤਿੰਨ ਸਾਲ ਤੋਂ ਵੱਧ ਬਤੌਰ ਐੱਸਐੱਚਓ ਕਿਸੇ ਇੱਕ ਥਾਣੇ ਵਿੱਚ ਨਹੀਂ ਰਹਿ ਸਕਦਾ। ਉਨ੍ਹਾਂ ਦੱਸਿਆ ਕਿ ਬਾਰਡਰ ਰੇਂਜ ਤੇ ਜ਼ਿਲ੍ਹਿਆਂ ਵਿੱਚ ਲਗਭਗ 1500 ਕਰਮਚਾਰੀ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਪੱਧਰ ਤੱਕ ਤਬਦੀਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਪਠਾਨਕੋਟ ਵਿੱਚ 579, ਬਟਾਲਾ ਵਿੱਚ 375, ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਵਿੱਚ 256 ਅਤੇ ਗੁਰਦਾਸਪੁਰ ਵਿੱਚ 161 ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ।