ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ ,19 ਮਈ
ਮਨੁੱਖਤਾ ਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀ ਸੰਸਥਾ ਪਿੰਗਲਵਾੜਾ ਸਮੇਤ ਹੋਰ ਕਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਲੋਕ ਸਭਾ ਚੋਣਾਂ ਲੜ ਰਹੇ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਏਜੰਡੇ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਨੂੰ ਵੀ ਸ਼ਾਮਲ ਕਰਨ।
ਇਸ ਸਬੰਧੀ ਪਿੰਗਲਵਾੜਾ ਸੰਸਥਾ ਵੱਲੋਂ ਸਮਾਗਮ ਕਰਵਾਇਆ ਗਿਆ , ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਗਰੀਨ ਮੈਨੀਫੈਸਟੋ ਪੰਜਾਬ 2024 ਜਾਰੀ ਕੀਤਾ ਹੈ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੈਨੀਫੈਸਟੋ ਵਿੱਚ ਪ੍ਰਦਰਸ਼ਨ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਉਪਰ ਕੰਮ ਕਰਨ ਦਾ ਵਾਅਦਾ ਕਰਨ। ਉਹਨਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਪਹਿਲਾਂ ਹੀ ਪ੍ਰਦੂਸ਼ਣ ਤੋਂ ਬਚਣ ਅਤੇ ਕੁਦਰਤੀ ਸਾਧਨਾਂ ਦੀ ਸਹੀ ਵਰਤੋ ਦੇ ਰੋਲ ਮਾਡਲ ਵਜੋਂ ਕੰਮ ਕਰ ਰਹੀ ਹੈ। ਜਿਸ ਤੋਂ ਸਰਕਾਰ ਸੇਧ ਲੈ ਸਕਦੀ ਹੈ ਅਤੇ ਇਸ ਮਾਡਲ ਨੂੰ ਅਪਣਾ ਵੀ ਸਕਦੀ ਹੈ।
ਇਸ ਮੌਕੇ ਅਕਾਲ ਪੁਰਖ ਕੀ ਜਥੇਬੰਦੀ ਦੇ ਆਗੂ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਦੁਨੀਆਂ ਵਿੱਚ ਰਸਾਇਨ ਅੱਤਵਾਦ ਪੈਦਾ ਹੋ ਰਿਹਾ ਜਿਸ ਨਾਲ ਨਜਿੱਠਣ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰ ਇਸ ਨੂੰ ਆਪਣਾ ਹਿੱਸਾ ਬਣਾਉਣ। ਪਿੰਗਲਵਾੜਾ ਸੁਸਾਇਟੀ ਦੇ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਰਾਜਵੀਰ ਸਿੰਘ ਚਿੰਤਾ ਪ੍ਰਗਟ ਕੀਤੀ ਹੈ ਕਿ ਜੇਕਰ ਪ੍ਰਦੂਸ਼ਣ ਇਸੇ ਤਰ੍ਹਾਂ ਫੈਲਦਾ ਰਿਹਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਕੁਝ ਨਹੀਂ ਬਚੇਗਾ। ਗ੍ਰੀਨ ਮੈਨੀਫੈਸਟੋ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ ਕਈ ਸਵਾਲ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਕੋਲੋਂ ਪੁੱਛੇ ਗਏ ਹਨ।