ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਜੂਨ
ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਜਿੱਤ ਹਾਸਲ ਕਰਨ ਮਗਰੋਂ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਲਈ ਅੱਜ ਵੀ ਲੋਕਾਂ ਦੀ ਭੀੜ ਲੱਗੀ ਰਹੀ ਹੈ। ਕੱਲ੍ਹ ਸ਼ਾਮ ਜਿੱਤ ਦੇ ਐਲਾਨ ਤੋਂ ਬਾਅਦ ਉਹ ਦੇਰ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਲਈ ਗਏ ਸਨ। ਅੱਜ ਸਵੇਰੇ ਉਨ੍ਹਾਂ ਨੇ ਸ੍ਰੀ ਦੁਰਗਿਆਨਾ ਤੀਰਥ ਅਤੇ ਸ੍ਰੀ ਰਾਮ ਤੀਰਥ ਵਿਖੇ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕੀਤੀ।
ਸ੍ਰੀ ਔਜਲਾ ਨੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਉਪਰੰਤ ਆਪਣੇ ਦਫ਼ਤਰ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਦਫ਼ਤਰ ਵਿੱਚ ਸਵੇਰ ਤੋਂ ਹੀ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਰਹੀ। ਲੋਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ, ਗੁਲਦਸਤੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਲੋਕਾਂ ਨੇ ਕਿਹਾ ਕਿ ਸ੍ਰੀ ਔਜਲਾ ਹਮੇਸ਼ਾ ਲੋਕਾਂ ਲਈ ਡਟ ਕੇ ਖੜ੍ਹੇ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਨਾਲ ਅੰਮ੍ਰਿਤਸਰ ਦਾ ਵਿਕਾਸ ਕਰਵਾਉਣ ਵਾਸਤੇ ਜਦੋ-ਜਹਿਦ ਕਰਨਗੇ। ਇਸ ਮੌਕੇ ਸ੍ਰੀ ਔਜਲਾ ਨੇ ਸਮੂਹ ਅੰਮ੍ਰਿਤਸਰ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਗਰੀ ਦੇ ਲੋਕਾਂ ਨੇ ਉਨ੍ਹਾਂ ਵਿੱਚ ਜੋ ਵਿਸ਼ਵਾਸ ਪ੍ਰਗਟਾਇਆ ਹੈ, ਉਹ ਉਸ ਨੂੰ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਅਤੇ ਉਨ੍ਹਾਂ ਨੇ ਜੋ ਕੰਮ ਕੀਤਾ ਸੀ, ਉਸ ਨੂੰ ਸੱਚਾਈ ਨਾਲ ਲੋਕਾਂ ਸਾਹਮਣੇ ਪੇਸ਼ ਕੀਤਾ ਹੈ, ਜਿਸ ਸਦਕਾ ਉਨ੍ਹਾਂ ਨੂੰ ਤੀਜੀ ਵਾਰ ਲੋਕ ਸਭਾ ਵਿੱਚ ਅੰਮ੍ਰਿਤਸਰ ਦੀ ਆਵਾਜ਼ ਬਣਨ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਚੇਅਰਮੈਨ ਦਿਨੇਸ਼ ਬਸੀ, ਸਰਪੰਚ ਸੁਖਰਾਜ ਸਿੰਘ ਰੰਧਾਵਾ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
ਕੁਲਦੀਪ ਧਾਲੀਵਾਲ ਹਰਿਮੰਦਰ ਸਾਹਿਬ ਨਤਮਸਤਕ
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ‘ਆਪ’ ਦਾ 13-0 ਦਾ ਨਾਅਰਾ ਭਾਵੇਂ ਸਫਲ ਨਹੀਂ ਹੋਇਆ ਪਰ ਆਮ ਆਦਮੀ ਪਾਰਟੀ ਨਰਿੰਦਰ ਮੋਦੀ ਨੂੰ ਅਗਾਂਹ ਵਧਣ ਤੋਂ ਰੋਕਣ ਵਿੱਚ ਸਫਲ ਰਹੀ ਹੈ। ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਸ੍ਰੀ ਧਾਲੀਵਾਲ ਨੇ ਆਖਿਆ ਕਿ ਭਾਵੇਂ ਉਹ ਚੋਣ ਨਹੀਂ ਜਿੱਤੇ ਪਰ ਇਹ ਚੋਣਾਂ ਵਿੱਚ ਉਨ੍ਹਾਂ ਨੇ 2 ਲੱਖ 14 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ, ਜੋ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਵਿੱਚ ਬਹੁਤ ਵੱਧ ਹਨ। ਉਹ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣ ਦਾ ਯਤਨ ਕਰਨਗੇ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਔਜਲਾ ਨੇ ਆਖਿਆ ਸੀ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਲਈ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਕੋਲੋਂ ਵੀ ਸਹਿਯੋਗ ਲੈਣਗੇ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਵਿਕਾਸ ਕੀਤਾ ਜਾਵੇਗਾ। ਸ੍ਰੀ ਧਾਲੀਵਾਲ ਨੇ ਆਖਿਆ ਕਿ ਚੰਗੀ ਗੱਲ ਹੈ ਕਿ ਸ੍ਰੀ ਔਜਲਾ ਨੇ ਸਾਰਿਆਂ ਦੇ ਸਹਿਯੋਗ ਨਾਲ ਵਿਕਾਸ ਕਰਨ ਦਾ ਫੈਸਲਾ ਕੀਤਾ। ਉਹ ਇਸ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਬਣਦਾ ਹਰ ਸੰਭਵ ਸਹਿਯੋਗ ਦੇਣਗੇ।