ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਅਕਤੂਬਰ
ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿੱਚ ਕੀਤੀ ਗਈ ਫੁੱਲਾਂ ਦੀ ਸਜਾਵਟ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਰਹੀ ਹੈ।
ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਪੁੱਜੀ ਤੇ ਮੱਥਾ ਟੇਕਿਆ। ਸਿੱਖ ਸ਼ਰਧਾਲੂਆਂ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਲੰਗਰ ਵੀ ਲਾਏ ਗਏ। ਗੁਰਪੁਰਬ ਮੌਕੇ ਵੱਡੀ ਗਿਣਤੀ ’ਚ ਪੁੱਜੀ ਸੰਗਤ ਅਤੇ ਥਾਂ ਥਾਂ ਤੇ ਲੱਗੇ ਲੰਗਰਾਂ ਦੇ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਸਾਰਾ ਇਲਾਕੇ ਵਿੱਚ ਅੱਜ ਸਾਰਾ ਦਿਨ ਰੌਣਕ ਰਹੀ ਹੈ। ਇਸੇ ਕਾਰਨ ਇਸ ਇਲਾਕੇ ਵਿੱਚ ਆਵਾਜਾਈ ਵੀ ਪ੍ਰਭਾਵਤ ਹੋਈ ਹੈ, ਜਿਸ ਦਾ ਅਸਰ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਪਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਵਾਸਤੇ ਲਗਪਗ 30 ਟਨ ਫੁੱਲਾਂ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਫੁੱਲਾਂ ਵਿਚ ਵੱਖ ਵੱਖ ਕਿਸਮਾਂ ਦੇ ਫੁੱਲ ਸ਼ਾਮਲ ਸਨ, ਜਿਨ੍ਹਾਂ ਦੇਸ਼ ਵਿਦੇਸ਼ ਤੋਂ ਮੰਗਵਾਇਆ ਗਿਆ ਸੀ। ਫੁੱਲਾਂ ਦੀ ਸਜਾਵਟ ਮੁੰਬਈ ਤੇ ਸੰਗਤ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਇਸ ਕਾਰਜ ਲਈ ਕਲਕੱਤਾ ਅਤੇ ਦਿੱਲੀ ਤੋਂ ਕਾਰੀਗਰ ਵੀ ਸੱਦੇ ਸਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਅੱਜ ਲਗਪਗ ਢਾਈ ਲੱਖ ਤੋਂ ਵੱਧ ਸੰਗਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ ਹੈ। ਤੜਕੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਸੰਗਤ ਦੀ ਭਾਰੀ ਆਮਦ ਰਹੀ ਹੈ। ਸਵੇਰੇ ਜਲੌਅ ਸਜਾਏ ਗਏ ਸਨ। ਸ਼ਾਮ ਨੂੰ ਦੀਪਮਾਲਾ ਤੇ ਆਤਿਸ਼ ਬਾਜ਼ੀ ਵੇਲੇ ਵੀ ਪਰਕਰਮਾਂ ’ਚ ਸੰਗਤ ਦੀ ਭਾਰੀ ਆਮਦ ਕਾਰਨ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ। ਸੰਗਤ ਦੀ ਭਾਰੀ ਆਮਦ ਕਾਰਨ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਤੇ ਆਲੇ ਦੁਆਲੇ ਦੇ ਹੋਟਲਾਂ ਵਿੱਚ ਕਮਰੇ ਬੁੱਕ ਰਹੇ ਹਨ। ਇਸ ਦੌਰਾਨ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਵੀ ਗੁਰਪੁਰਬ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਤੇ ਬਾਅਦ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਪ੍ਰਬੰਧਕਾਂ ਵਿੱਚ ਸ਼ਾਮਲ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਸਮੇਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਤੇ ਹੋਰ ਪਤਵੰਤੇ ਪੁੱਜੇ। ਇਸ ਦੌਰਾਨ ਸ਼ਹਿਰ ਵਿਚ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ, ਸਰਕਾਰੀ ਅਦਾਰਿਆਂ ਤੇ ਹੋਰ ਥਾਵਾਂ ਤੇ ਦੀਪਮਾਲਾ ਕੀਤੀ ਗਈ।
ਖਾਲਸਾ ਕਾਲਜ ’ਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ (ਪੱਤਰ ਪ੍ਰੇਰਕ) ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖਾਲਸਾ ਕਾਲਜ ਕੈਂਪਸ ’ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ’ਚ ਰਖਾਏ ਅਖੰਡ ਪਾਠ ਦੇ ਭੋਗ ਉਪਰੰਤ ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਵਿਦਿਆਰਥੀਆਂ ਨੇ ਆਈ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੇਸ਼-ਵਿਦੇਸ਼ ’ਚ ਵਸਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਫ਼ਲਸਫ਼ੇ ਤੇ ਜੀਵਨ ਤੋਂ ਸਿੱਖਿਆ ਲੈਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ, ਜੋ ਸਭ ਤੋਂ ਪਹਿਲਾਂ ‘ਰਾਮਦਾਸਪੁਰ’ ਨਾਂ ਨਾਲ ਜਾਣੀ ਜਾਂਦੀ ਸੀ। ਇਸ ਪਵਿੱਤਰ ਦਿਹਾੜੇ ’ਤੇ ਕਾਲਜ ਦੇ ਵਿਦਿਆਰਥੀਆਂ ਨੇ ‘ਧੰਨ-ਧੰਨ ਰਾਮਦਾਸ ਗੁਰੂ’, ‘ਗੁਰੂ ਰਾਮਦਾਸ ਰਾਖੋ ਸਰਣਾਈ’ ਤੇ ‘ਬੈਠਾ ਸੋਢੀ ਪਾਤਸ਼ਾਹ’ ਸ਼ਬਦ ਗਾਇਨ ਕਰਕੇ ਪੂਰੇ ਮਾਹੌਲ ਨੂੰ ਗੁਰੂ ਸ਼ਬਦ ’ਚ ਲੀਨ ਕੀਤਾ।