ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਨਵੰਬਰ
ਸ਼੍ਰੋਮਣੀ ਕਮੇਟੀ ਦੇ ਸੌ ਸਾਲਾਂ ਦੇ ਇਤਿਹਾਸ ਬਾਰੇ ਟਿੱਪਣੀ ਕਰਦਿਆਂ ਹਵਾਰਾ ਕਮੇਟੀ ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਖਾਤਰ ਸਿੱਖ ਸੰਸਥਾ ਦੇ ਸੁਨਹਿਰੀ ਇਤਿਹਾਸ ਨੂੰ ਕਲੰਕਿਤ ਕੀਤਾ ਹੈ। ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਵਲੋਂ ਜਾਰੀ ਇਕ ਬਿਆਨ ਰਾਹੀਂ ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਦਿਲਸ਼ੇਰ ਸਿੰਘ, ਬਲਬੀਰ ਸਿੰਘ ਤੇ ਮਹਾਂਵੀਰ ਸਿੰਘ ਸਣੇ ਹੋਰਨਾਂ ਨੇ ਆਖਿਆ ਕਿ ਸਿੱਖ ਸੰਸਥਾ ਦੀ ਸਥਾਪਨਾ ਦਾ ਮੁੱਖ ਮੰਤਵ ਗੁਰਦੁਆਰਿਆਂ ਦਾ ਸੁਚਾਰੂ ਪ੍ਰਬੰਧ, ਧਰਮ ਪ੍ਰਚਾਰ ਅਤੇ ਸਿੱਖ ਧਾਰਮਿਕ ਸਮੱਸਿਆਵਾਂ ਦਾ ਹੱਲ ਕਰਨਾ ਸੀ, ਪਰ ਸਿੱਖ ਸੰਸਥਾ ਆਪਣੇ ਮੰਤਵ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। 1996 ਵਿਚ ਅਕਾਲੀ ਦਲ ਨੇ ਮੋਗਾ ਕਾਨਫਰੰਸ ਰਾਹੀਂ ਸਿਆਸੀ ਜਥੇਬੰਦੀ ਦਾ ਪੰਥਕ ਚਿਹਰਾ ਬਦਲ ਦਿੱਤਾ ਹੈ। ਸਿੱਟੇ ਵਜੋਂ ਪੰਥ ਦੀ ਪਹਿਰੇਦਾਰੀ ਕਰਨ ਵਾਲੀਆਂ ਜਥੇਬੰਦੀਆਂ ਕੁਝ ਮੁੱਦਿਆਂ ਤਕ ਸੀਮਤ ਹੋ ਕੇ ਰਹਿ ਗਈਆਂ। ਹਵਾਰਾ ਕਮੇਟੀ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਕਜੁਟ ਹੋਣ ਤਾਂ ਜੋ ਸਿੱਖ ਸੰਸਥਾਵਾਂ ਨੂੰ ਬਾਦਲਾਂ ਤੋੋਂ ਮੁਕਤ ਕਰਾਇਆ ਜਾ ਸਕੇ।