ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਨਵੰਬਰ
ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਿਰੰਤਰ ਕਥਾ ਵਿਚਾਰ ਕਰ ਰਹੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੂੰ ਕਥਾ ਦੀ ਸਮਾਪਤੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਉਹ 17 ਅਕਤੂਬਰ ਤੋਂ ਲਗਾਤਾਰ ਕਥਾ ਦੀ ਸੇਵਾ ਨਿਭਾਅ ਰਹੇ ਸਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਐਡਵੋਕੇਟ ਸ੍ਰੀ ਧਾਮੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਸਿਰੋਪੇ ਅਤੇ ਲੋੜ ਤੋਂ ਵੱਧ ਰੁਮਾਲਾ ਸਾਹਿਬ ਭੇਟ ਕਰਨ ਦੀ ਥਾਂ ਇਸ ਸਰਮਾਏ ਨੂੰ ਸਿੱਖ ਕੌਮ ਦੇ ਬੱਚਿਆਂ ਦੀ ਪੜ੍ਹਾਈ ਲਈ ਖਰਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਨ ਦੀ ਵੱਡੀ ਲੋੜ ਹੈ।