ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਕਤੂਬਰ
ਸਥਾਨਕ ਅੰਨਗੜ ਇਲਾਕੇ ਵਿਚ ਛਾਪਾ ਮਾਰ ਕੇ ਪੁਲੀਸ ਨੇ ਦੋ ਵੱਖ ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿਚ ਨਾਜਾਇਜ ਤੌਰ ’ਤੇ ਬਣਾਏ ਪਟਾਕੇ ਅਤੇ ਪਟਾਕਿਆਂ ਲਈ ਵਰਤੀ ਜਾਂਦੀ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਦੋ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਫਿਲਹਾਲ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ, ਜਿਨ੍ਹਾਂ ਨੂੰ ਨਾਮਜ਼ਦ ਕੀਤਾ, ਉਨ੍ਹਾਂ ਵਿਚ ਜਸਵਿੰਦਰ ਸਿੰਘ ਉਰਫ ਬਾਬਾ ਜੱਸਾ, ਸੋਨੂੰ ਅਤੇ ਪਿਆਰਾ ਸਿੰਘ ਸ਼ਾਮਲ ਹਨ। ਇਹ ਸਾਰੇ ਹੀ ਅੰਨਗੜ੍ਹ ਦੇ ਵਾਸੀ ਹਨ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਦੇ ਘਰੋਂ ਲਗਪਗ ਦੋ ਹਜ਼ਾਰ ਪਟਾਕੇ, 40 ਕਿਲੋ ਵਿਸਫੋਟਕ ਪਾਊਡਰ, 1400 ਤੇ ਹੋਰ ਸਮਾਨ ਬਰਾਮਦ ਹੋਇਆ ਹੈ। ਪਿਆਰਾ ਸਿੰਘ ਦੇ ਘਰੋਂ 1425 ਰਾਕੇਟ ਅਤੇ 400 ਤੋਂ ਵੱਧ ਧਾਗੇ ਵਾਲੇ ਬੰਬ ਬਰਾਮਦ ਹੋਏ ਹਨ। ਪੁਲੀਸ ਨੇ ਇਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ।