ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਨਵੰਬਰ
ਟੀਵੀ ਚੈਨਲ ’ਤੇ ਚਲਦੇ ਮਨੋਰੰਜਨ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਨਵਜੋਤ ਸਿੰਘ ਸਿੱਧੂ ਵਾਪਸ ਆ ਗਏ ਹਨ, ਨੇ ਸ੍ਰੀ ਸਿੱਧੂ ਦੀ ਮਨੋਰੰਜਨ ਸਨਅਤ ਵਿੱਚ ਵਾਪਸੀ ਹੋਣ ਦੀ ਚਰਚਾ ਛੇੜ ਦਿੱਤੀ ਹੈ। ਇਹ ਖੁਲਾਸਾ ਸ੍ਰੀ ਸਿੱਧੂ ਨੇ ਖੁਦ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ’ਤੇ ‘ਦਿ ਹੋਮ ਰਨ’ ਦੇ ਉਪ ਸਿਰਲੇਖ ਨਾਲ ਵੀਡੀਓ ਸਾਂਝੀ ਕਰਕੇ ਕੀਤਾ ਹੈ। ਇਸ ਵਿੱਚ ‘ਸਿੱਧੂ ਜੀ ਇਜ਼ ਬੈਕ’ ਲਿਖਿਆ ਹੋਇਆ ਹੈ, ਜਿਸ ਤੋਂ ਉਨ੍ਹਾਂ ਦੀ ਮਨੋਰੰਜਨ ਸ਼ੋਅ ਵਿੱਚ ਵਾਪਸੀ ਦਾ ਅੰਦਾਜ਼ਾ ਲਗਾਇਆ ਗਿਆ ਹੈ, ਪਰ ਅਜਿਹਾ ਨਹੀਂ ਹੈ।
ਇਸ ਐਪੀਸੋਡ ਵਿੱਚ ਇਹ ਪ੍ਰਭਾਵ ਦਿੱਤਾ ਗਿਆ ਕਿ ਸ੍ਰੀ ਸਿੱਧੂ ਫ਼ਿਲਮ ਅਦਾਕਾਰਾ ਅਰਚਨਾ ਪੂਰਨ ਸਿੰਘ ਦੀ ਕੁਰਸੀ ’ਤੇ ਬੈਠਣ ਲਈ ਆ ਰਹੇ ਹਨ। ਅਰਚਨਾ ਵੀ ਕਪਿਲ ਸ਼ਰਮਾ ਨੂੰ ਸਿੱਧੂ ਦੇ ਕੁਰਸੀ ’ਤੇ ਬਿਰਾਜਮਾਨ ਹੋਣ ਦੀ ਸ਼ਿਕਾਇਤ ਕਰਦੀ ਨਜ਼ਰ ਆਈ। ਪਰ ਇਹ ‘ਮਜ਼ਾਕ’ ਉਦੋਂ ਖਤਮ ਹੋ ਗਿਆ ਜਦੋਂ ਸਿੱਧੂ ਦੀ ਪਤਨੀ ਅਤੇ ਕ੍ਰਿਕਟਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਵੀ ਕੈਮਰੇ ’ਤੇ ਦਿਖਾਈ ਦਿੱਤੇ। ਇਸ ਤੋਂ ਸਪੱਸ਼ਟ ਹੋ ਗਿਆ ਕਿ ਉਹ ਉਸ ਖਾਸ ਐਪੀਸੋਡ ਦੇ ਮਹਿਮਾਨ ਸਨ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਜੀਵਨਜੋਤ ਕੌਰ ਤੋਂ ਹਾਰਨ ਮਗਰੋਂ ਸ੍ਰੀ ਸਿੱਧੂ ਨੇ ਆਈਪੀਐੱਲ ਕ੍ਰਿਕਟ ਟੂਰਨਾਮੈਂਟ ਦੀ ਕੁਮੈਂਟਰੀ ਵੱਲ ਜ਼ਿਆਦਾ ਧਿਆਨ ਦਿੱਤਾ। ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਹੋਣ ਦੇ ਬਾਵਜੂਦ, ਉਸ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ।
ਇਸ ਦੌਰਾਨ ਕਾਂਗਰਸ ਹਾਈ ਕਮਾਂਡ ਨੇ ਵੀ ਅੰਮ੍ਰਿਤਸਰ ਦੇ ਪੂਰਬੀ ਹਲਕੇ ਵਿੱਚ ਹੁਣ ਉਨ੍ਹਾਂ ਦੀ ਥਾਂ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਹਲਕਾ ਇੰਚਾਰਜ ਲਾ ਦਿੱਤਾ। ਸਿੱਧੂ 2016 ਤੋਂ 2019 ਦੇ ਵਿਚਾਲੇ ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਕੰਮ ਕਰ ਰਹੇ ਸੀ ਪਰ ਉਸ ਵੇਲੇ ਇੱਕ ਵਿਵਾਦ ਪੈਦਾ ਹੋ ਗਿਆ ਜਦੋਂ ਉਨ੍ਹਾਂ 2019 ਦੇ ਪੁਲਵਾਮਾ ਦਹਿਸ਼ਤਗਰਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਇਸ ਹਮਲੇ ਵਿੱਚ ਭਾਰਤ ਦੇ ਸੀਮਾ ਸੁਰੱਖਿਆ ਬਲ ਦੇ 40 ਜਵਾਨ ਮਾਰੇ ਗਏ ਸਨ। ਮਗਰੋਂ ਉਨ੍ਹਾਂ ਦੀ ਥਾਂ ਅਰਚਨਾ ਪੂਰਨ ਸਿੰਘ ਨੇ ਲਈ ਸੀ। ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਸ੍ਰੀ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਕੀਤੀ ਮੁਲਾਕਾਤ ਨੇ ਸਿੱਧੂ ਪਰਿਵਾਰ ਦੀ ਸਿਆਸਤ ਵੱਲ ਵਾਪਸੀ ਦਾ ਵੀ ਸੰਕੇਤ ਦਿੱਤਾ ਸੀ।