ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 30 ਅਕਤੂਬਰ
ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵਾਰਡ ਨੰਬਰ 58 ਵਿੱਚ ਲਾਹੌਰੀ ਗੇਟ ਤੋਂ 22 ਨੰਬਰ ਫਾਟਕ ਤੱਕ 1.40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਬਜ਼ੁਰਗਾਂ ਦੀ ਪੈਨਸ਼ਨ, ਆਸ਼ੀਰਵਾਦ ਸਕੀਮ, ਔਰਤਾਂ ਨੂੰ ਮੁਫ਼ਤ ਬੱਸ ਸਫਰ ਸਹੂਲਤ, ਬਿਜਲੀ ਦੇ ਬਕਾਇਆ ਬਿੱਲ ਮੁਆਫ ਕਰਨ ਆਦਿ ਜੋ ਵੀ ਵਾਅਦੇ ਕੀਤੇ ਸਨ, ਉਹ ਪੂਰੇ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਨਵੀਂ ਸੜਕ ਬਣਨ ਨਾਲ 4 ਵਾਰਡਾਂ ਦੇ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਇਸ ਦੇ ਨਾਲ ਨਾਲ ਲੋਹਗੜ੍ਹ ਚੌਕ ਤੋਂ ਲੈ ਕੇ 22 ਨੰਬਰ ਫਾਟਕ ਤੱਕ ਵੀ ਨਵੀਂ ਸੜਕ ਬਣਾਈ ਜਾਵੇਗੀ। ਇਸ ਮੌਕੇ ਸ੍ਰੀ ਸੋਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣੀਆਂ ਅਤੇ ਕੁੱਝ ਅਹਿਮ ਮਾਮਲਿਆਂ ਵਿੱਚ ਸ੍ਰੀ ਸੋਨੀ ਨੇ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਦਾਇਤਾਂ ਜਾਰੀ ਕੀਤੀਆਂ।
ਸਰਕਾਰ ਦੇ ਲੋਕ ਪੱਖੀ ਫੈਸਲਿਆਂ ਸਦਕਾ ਕਾਂਗਰਸੀ ਵਰਕਰ ਉਤਸ਼ਾਹ ਨਾਲ ਭਰੇ: ਸੋਨੀ਼
ਅੰਮ੍ਰਿਤਸਰ (ਪੱਤਰ ਪ੍ਰੇਰਕ): ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਸਰਕਾਰ ਵੱਲੋਂ ਕੀਤੇ ਗਏ ਲੋਕ ਪੱਖੀ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਫੈਸਲਿਆਂ ਨੇ ਕਾਂਗਰਸੀ ਵਰਕਰਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ, ਜੋ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤਣ ਲਈ ਬਹੁਤ ਜ਼ਰੂਰੀ ਸੀ। ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜ ਕੰਵਲ ਪ੍ਰੀਤ ਪਾਲ ਸਿੰਘ ਲੱਕੀ ਨੂੰ ਕੁਰਸੀ ’ਤੇ ਬਿਠਾਉਣ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਬਿਲ ਬਕਾਏ ਦੀ ਮੁਆਫ਼ੀ, ਵਪਾਰੀਆਂ ਦੇ ਮਸਲਿਆਂ ਦਾ ਹੱਲ, ਪੱਕੀਆਂ ਸਰਕਾਰੀ ਨੌਕਰੀਆਂ ਦਾ ਐਲਾਨ, ਕਿਸਾਨ ਸੰਘਰਸ਼ ਵਿਚ ਜਾਨਾਂ ਵਾਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਅਜਿਹੇ ਫੈਸਲੇ ਹਨ, ਜਿਨ੍ਹਾਂ ਨੂੰ ਲੋਕ ਸਦਾ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਤੁਰੰਤ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਆਪਣੇ ਵਰਕਰਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਆਪਣੇ ਵਰਕਰ ਦੀ ਕਦਰ ਕੀਤੀ ਹੈ। ਰਾਜ ਕੰਵਲ ਪ੍ਰੀਤ ਪਾਲ ਸਿੰਘ ਲੱਕੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਨੂੰ ਬਾਖੂਬੀ ਨਿਭਾਉਣਗੇ।