ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਨਵੰਬਰ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਾਵਰਕੌਮ ਦੇ ਅੰਮ੍ਰਿਤਸਰ ਸ਼ਹਿਰ ਅਤੇ ਦਿਹਾਤੀ ਏਰੀਏ ਦੇ ਉੱਪ ਮੁੱਖ ਇੰਜਨੀਅਰ ਅਤੇ ਐਕਸੀਅਨਾਂ ਨਾਲ ਕੀਤੀ ਮੀਟਿੰਗ ਵਿੱਚ ਅੱਜ ਖਪਤਕਾਰਾਂ ਨੂੰ ਸੁਚਾਰੂ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਅੰਮ੍ਰਿਤਸਰ ਸ਼ਹਿਰ ਅਤੇ ਦਿਹਾਤੀ ਖੇਤਰ ਦੇ ਲਈ ਜ਼ਰੂਰੀ ਪਾਵਰ ਟਰਾਂਸਫਾਰਮਰਾਂ ਦੀ ਲਿਸਟ (66 ਕੇਵੀ ਸ/ਸ ਇਸਲਾਮਾਬਾਦ, 66 ਕੇਵੀ ਸ/ਸ ਸੁਲਤਾਨਵਿੰਡ, 66 ਕੇਵੀ ਸ/ਸ ਨਾਗ ਕਲਾਂ, 66 ਕੇਵੀ ਸ/ਸ ਬੱਗਾ ਕਲਾਂ, 132 ਕੇਵੀ ਸ/ਸ ਪਾਵਰ ਕਾਲੋਨੀ, 132 ਕੇਵੀ ਸ/ਸ ਵੇਰਕਾ) ਲਈ ਦਿੱਤੀ ਗਈ। ਮੰਤਰੀ ਨੇ ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਇਹ ਟਰਾਂਸਫਾਰਮਰ ਲਾਉਣ ਸਬੰਧੀ ਪਟਿਆਲਾ ਦਫਤਰਾਂ ਦੇ ਸਬੰਧਤ ਅਧਿਕਾਰੀਆ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸਤੋਂ ਇਲਾਵਾ ਉਨ੍ਹਾਂ ਵੱਲੋਂ ਡਿਸਟ੍ਰਬਿਊਸ਼ਨ ਟਰਾਂਸਫਾਰਮਰਾਂ, ਕੇਬਲਾਂ, ਕੰਡਕਟਰ ਆਦਿ ਹੋਰ ਸਮਾਗਰੀ ਲਈ ਵੀ ਸਬੰਧਤ ਦਫਤਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਸਬੰਧਤ ਐਕਸੀਅਨਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਮਿਸ਼ਨ ਤਹਿਤ ਬਿਜਲੀ ਵਿਭਾਗ ਦੇ ਖਪਤਕਾਰਾਂ ਨੂੰ ਸੁਚਾਰੂ ਅਤੇ ਨਿਰਵਿਘਨ ਸਪਲਾਈ ਦੇਣ ਲਈ ਕੋਈ ਵੀ ਕਸਰ ਨਾ ਛੱਡੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਚੱਲ ਰਹੀ ਓਟੀਐਸ ਸਕੀਮ ਵਿੱਚ ਅਪਲਾਈ ਕਰਨ ਸਬੰਧੀ ਕੈਂਪ ਲਾ ਕੇ ਖਪਤਕਾਰਾਂ ਨੂੰ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਇੰਜ: ਰਾਜੀਵ ਪਰਾਸ਼ਰ ਉੱਪ ਮੁੱਖ ਇੰਜਨੀਅਰ ਸ਼ਹਿਰੀ ਹਲਕਾ ਅੰਮ੍ਰਿਤਸਰ, ਇੰਜ: ਬਲਕਾਰ ਸਿੰਘ ਉਪ ਮੁੱਖ ਇੰਜਨੀਅਰ/ਪੀਐੱਸਟੀਸੀਐੱਲ, ਵਧੀਕ ਨਿਗਰਾਨ ਇੰਜਨੀਅਰਾਂ ਸਮੇਤ ਹੋਰ ਇੰਜਨੀਅਰ ਤੇ ਅਧਿਕਾਰੀ ਮੌਜੂਦ ਸਨ।