ਐੱਨ.ਪੀ. ਧਵਨ
ਪਠਾਨਕੋਟ, 2 ਨਵੰਬਰ
ਸ਼ਹੀਦ ਸਿਪਾਹੀ ਸੁਨੀਲ ਕੁਮਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਬੇਗੋਵਾਲ ਵਿੱਚ ਕਾਰਜਕਾਰੀ ਪ੍ਰਿੰਸੀਪਲ ਅਜੇ ਕੁਮਾਰ ਦੀ ਅਗਵਾਈ ਵਿੱਚ ‘ਇਹ ਦੀਵਾਲੀ ਸ਼ਹੀਦਾਂ ਦੇ ਨਾਂ’ ਤੇ ਇੱਕ ਸਮਾਗਮ ਕੀਤਾ ਗਿਆ। ਇਸ ਵਿੱਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਦ ਕਿ ਸ਼ਹੀਦ ਸਿਪਾਹੀ ਸੁਨੀਲ ਕੁਮਾਰ ਦੇ ਪਿਤਾ ਕੈਪਟਨ ਸੋਹਨ ਲਾਲ, ਸੂਬੇਦਾਰ ਸ਼ਕਤੀ ਪਠਾਨੀਆ ਆਦਿ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਹਰ ਤਿਉਹਾਰ ਦਾ ਆਪਣਾ ਮਹੱਤਵ ਹੁੰਦਾ ਹੈ। ਪਰ ਦੀਵਾਲੀ ਜਿਸ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਨੂੰ ਹਰ ਅਮੀਰ ਗਰੀਬ ਆਪਣੇ ਤਰੀਕੇ ਨਾਲ ਮਨਾਉਂਦਾ ਹੈ। ਰੌਸ਼ਨੀਆਂ ਦੀ ਇਸ ਚੱਕਾਚੌਂਧ ਵਿੱਚ ਅਕਸਰ ਦੇਸ਼ ਵਾਸੀ ਭਾਰਤ ਮਾਂ ਦੇ ਉਨ੍ਹਾਂ ਵੀਰ ਸਪੁੱਤਰਾਂ ਨੂੰ ਭੁਲਾ ਦਿੰਦੇ ਹਨ, ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਉਨ੍ਹਾਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਦਾ ਅਵਸਰ ਪ੍ਰਦਾਨ ਕੀਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਹਰ ਸਾਲ ਇਹ ਤਿਉਹਾਰ ਆਪਣੇ ਸ਼ਹੀਦ ਸੈਨਿਕਾਂ ਨੂੰ ਨਮਨ ਕਰਦੇ ਹੋਏ ਸਰਹੱਦਾਂ ਉਪਰ ਤਾਇਨਾਤ ਆਪਣੇ ਜਾਂਬਾਜ ਸੈਨਿਕਾਂ ਦਾ ਮਨੋਬਲ ਵਧਾਉਂਦੇ ਹੋਏ ਮਨਾਉਂਦੀ ਹੈ। ਉਨ੍ਹਾਂ ਸਮੂਹ ਵਿਦਿਆਰਥਣਾਂ ਅਤੇ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਦੀਵਾਲੀ ਮੌਕੇ ਪਹਿਲਾ ਦੀਵਾ ਸ਼ਹੀਦਾਂ ਨਾਂ ਤੇ ਬਾਲਣ। ਇਸ ਮੌਕੇ ਵਿਪੁਲ ਕੁਮਾਰ, ਵਿਨੋਦ ਕੁਮਾਰ ਸ਼ਰਮਾ, ਮੁਨੀਸ਼ ਕੁਮਾਰ, ਵਿਕਾਸ ਰਾਏ, ਜਗਦੀਸ਼ ਰਾਜ, ਸੁਧੀਰ ਸਿੰਘ, ਬਲਦੇਵ ਰਾਜ, ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ, ਸੰਜੇ ਕੁਮਾਰ ਵਰਮਾ, ਹਰੀਸ਼ ਕੁਮਾਰ ਆਦਿ ਹਾਜ਼ਰ ਸਨ।