ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਜਨਵਰੀ
ਨਿਹੰਗ ਜਥੇਬੰਦੀ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵਲੋਂ ਆਰਮੀ ਪਬਲਿਕ ਸਕੂਲਾਂ ਵਿੱਚ ਖੇਤਰੀ ਭਾਸ਼ਾਵਾਂ ਨਾ ਪੜ੍ਹਾਉਣ ਦਾ ਫੈਸਲਾ ਮੰਦਭਾਗਾ, ਦੁਖਦਾਈ ਤੇ ਨਿੰਦਣਯੋਗ ਹੈ।
ਅੱਜ ਇਥੋਂ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਆਰਮੀ ਪਬਲਿਕ ਸਕੂਲਾਂ ਵਿੱਚ 23 ਲੱਖ ਤੋਂ ਜ਼ਿਆਦਾ ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਹਰ ਸਾਲ ਇਨ੍ਹਾਂ ਸਕੂਲਾਂ ਵਿਚ ਪੰਜ ਹਜ਼ਾਰ ਦਾ ਵਾਧਾ ਹੁੰਦਾ ਹੈ। ਆਰਮੀ ਸਕੂਲਾਂ ਵਿੱਚ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਪੜ੍ਹਦੇ ਹਨ। ਖੇਤਰੀ ਭਾਸ਼ਾਵਾਂ ਦਾ ਆਪਣਾ ਮਹੱਤਵ ਹੈ, ਜੋ ਉਨ੍ਹਾਂ ਦੀਆਂ ਮਾਂ ਬੋਲੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਰੁਝਾਨ ਵਿਦਿਆਰੀਆਂ ਨੂੰ ਮਾਂ ਬੋਲੀ ਪੜ੍ਹਨ ਤੋਂ ਵਿਰਵੇ ਰੱਖਣਾ ਹੈ। ਉਨ੍ਹਾਂ ਨੂੰ ਸਭਿਆਚਾਰਕ ਅਤੇ ਰੂਹਾਨੀ ਪੱਖਾਂ ਤੋਂ ਕਮਜ਼ੋਰ ਕਰਨਾ ਹੈ। ਵਿਦਿਆਰਥੀਆਂ ਦੇ ਵਿਕਾਸ ਲਈ ਮਾਂ ਬੋਲੀ ਪੜ੍ਹਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਸਮਾਜ ਵਿੱਚ ਮਾਂ ਬੋਲੀਆਂ ਨੂੰ ਵਿਸਾਰਿਆ ਜਾ ਰਿਹਾ ਹੈ। ਅਜਿਹਾ ਰੁਝਾਨ ਅਫਸੋਸਨਾਕ ਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਜੇਕਰ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਕੋਲ ਵਸੀਲਿਆਂ ਦੀ ਕੋਈ ਘਾਟ ਹੈ ਤਾਂ ਸਰਕਾਰ ਨੂੰ ਫੌਰੀ ਤੌਰ ’ਤੇ ਮਦਦ ਕਰਨੀ ਚਾਹੀਦੀ ਹੈ।