ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 5 ਨਵੰਬਰ
ਇਥੋਂ ਨਜ਼ਦੀਕੀ ਜੀਟੀ ਰੋਡ ‘ਤੇ ਸਥਿਤ ਦਾਣਾ ਪਾਣੀ ਢਾਬੇ ਉੱਪਰ ਬੀਤੀ ਹਥਿਆਰਬੰਦ ਵਿਅਕਤੀਆਂ ਨੇ ਤੋੜ ਭੰਨ੍ਹ ਕੀਤੀ ਅਤੇ ਉੱਥੇ ਮੌਜੂਦ ਕਰਮਚਾਰੀਆਂ ਨੂੰ ਕੁੱਟਦਿਆਂ ਫਾਇਰਿੰਗ ਕੀਤੀ। ਇਸ ਹਮਲੇ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਢਾਬੇ ਦੇ ਮਾਲਕ ਬੂਟਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12.15 ਵਜੇ ਦੋ ਹਥਿਆਰਬੰਦ ਅਣਪਛਾਤੇ ਵਿਅਕਤੀ ਬਿਨਾਂ ਨੰਬਰ ਦੀ ਕਾਰ ’ਤੇ ਉਨ੍ਹਾਂ ਦੇ ਢਾਬੇ ਪਹੁੰਚੇ। ਉਨ੍ਹਾਂ ਨੇ ਢਾਬੇ ਦੇ ਬਾਹਰ ਕਰਮਚਾਰੀ ਕੋਲੋਂ ਸਿਗਰਟ ਮੰਗੀ। ਜਵਾਬ ਵਿੱਚ ਉਨ੍ਹਾਂ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਸਿਗਰਟ ਨਹੀਂ ਵੇਚਦੇ। ਬੂਟਾ ਸਿੰਘ ਨੇ ਦੱਸਿਆ ਫਿਰ ਇਨ੍ਹਾਂ ਵਿਅਕਤੀਆਂ ਵੱਲੋਂ ਢਾਬੇ ਦੀ ਤੋੜ ਭੰਨ੍ਹ ਸ਼ੁਰੂ ਕਰ ਦਿੱਤੀ ਗਈ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਢਾਬੇ ਦਾ ਕਾਊਂਟਰ ਭੰਨਿਆ ਫੇਰ ਢਾਬੇ ਦੀ ਰਸੋਈ ਦੇ ਸ਼ੀਸ਼ੇ ਅਤੇ ਗਮਲੇ ਤੋੜੇ ਅਤੇ ਫਿਰ ਹਵਾਈ ਫਾਇਰ ਵੀ ਕੀਤੇ। ਇਸ ਦੌਰਾਨ ਢਾਬੇ ਦੇ ਕਰਮਚਾਰੀਆਂ ਵਿੱਚ ਬਰਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਹਮਲਾਵਰਾਂ ਵੱਲੋਂ ਉਨ੍ਹਾਂ ਦੇ ਕਰਮਚਾਰੀ ਕ੍ਰਿਸ਼ਨ ਬਲਦੇਵ ਸਿੰਘ ਦੇਬਾ ਅਤੇ ਗੋਬਿੰਦ ਸਿੰਘ ਨੂੰ ਵੀ ਸੱਟਾਂ ਮਾਰੀਆਂ ਗਈਆਂ। ਇਸ ਹਮਲੇ ਸਬੰਧੀ ਢਾਬੇ ਦੇ ਮਾਲਕ ਬੂਟਾ ਸਿੰਘ ਨੇ ਨਜ਼ਦੀਕੀ ਇਕ ਹੋਰ ਢਾਬਾ ਮਾਲਕ ਉਪਰ ਇਸ ਹਮਲੇ ਸਬੰਧੀ ਗੰਭੀਰ ਦੋਸ਼ ਲਗਾਏ। ਐੱਸਐੱਚਓ ਜੰਡਿਆਲਾ ਗੁਰੂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।