ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 14 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਬਾਹਰ ਜਾਰੀ ਰੇਲ ਰੋਕੋ ਅੰਦੋਲਨ ਅੱਜ 113ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਅੱਜ ਰੇਲ ਰੋਕੋ ਅੰਦੋਲਨ ਮੌਕੇ ਰੇਲਵੇ ਸਟੇਸ਼ਨ ’ਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਵੱਲੋਂ ਕਿਸਾਨਾਂ ਪ੍ਰਤੀ ਦਿੱਤੇ ਬਿਆਨ ਕਾਰਨ ਉਸ ਦੀ ਅਰਥੀ ਫੂਕੀ ਗਈ ਅਤੇ ਇਸ ਦੇ ਨਾਲ ਹੀ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੇ ਟਰੈਕਟਰ ਮਾਰਚ ਦੀ ਤਿਆਰੀ ਲਈ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਰੋਕੋ ਅੰਦੋਲਨ ਦੇ 113ਵੇਂ ਦਿਨ ਨਰਿੰਦਰਪਾਲ ਸਿੰਘ ਚਤਾਲਾ ਦੀ ਅਗਵਾਈ ਵਿੱਚ ਜਥੇ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਅੱਜ ਕਿਸਾਨਾਂ ਮਜ਼ਦੂਰਾਂ ਵੱਲੋਂ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਪਾਰਲੀਮੈਂਟ ਮੈਂਬਰ ਹੇਮਾ ਮਾਲਿਨੀ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਕਿਹਾ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਆਗੂਆਂ ਨੇ ਕਿਹਾ 20 ਜਨਵਰੀ ਨੂੰ ਲੱਖਾਂ ਟਰੈਕਟਰ ਟਰਾਲੀਆਂ ਪੰਜਾਬ ਦੇ ਪਿੰਡਾਂ ਤੋਂ ਦਿੱਲੀ ਵੱਲ ਕੂਚ ਕਰਨਗੇ। ਇਸ ਮੌਕੇ ਬੂਟਾ ਸਿੰਘ ਕਰੀਕਲਾਂ, ਮੰਗਲ ਸਿੰਘ ਸਵਾਇਕੇ, ਡਾਕਟਰ ਗੁਰਨਾਮ ਸਿੰਘ, ਪਵਿੱਤਰ ਸਿੰਘ, ਜਸਵੰਤ ਸਿੰਘ ਸਰੀਂਹ ਵਾਲਾ, ਹਰਨਾਮ ਸਿੰਘ ਰਾਉਕੇ ਨੇ ਸੰਬੋਧਨ ਕੀਤਾ।