ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 8 ਮਈ
ਇਥੋਂ ਦੀ ਪੁਲੀਸ ਨੇ 30 ਅਪਰੈਲ ਨੂੰ ਕੀਤੇ ਕਤਲ ਦੀ ਗੁੱਥੀ ਸੁਲਝਾਉਂ ਦਾ ਦਾਅਵਾ ਕਰਦਿਆਂ ਮ੍ਰਿਤਕ ਦੇ ਲੜਕੇ ਨੂੰ ਕਾਬੂ ਕੀਤਾ ਹੈ। ਜੰਡਿਆਲਾ ਗੁਰੂ ਦੇ ਡੀਐੱਸਪੀ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਇਥੋਂ ਨਜ਼ਦੀਕੀ ਪਿੰਡ ਨਰੈਣਗੜ੍ਹ ਦੇ ਗੰਦੇ ਨਾਲੇ ਵਿੱਚੋਂ ਅਣਪਛਾਤੀ ਲਾਸ਼ ਮਿਲੀ ਸੀ। ਲਾਸ਼ ਦੀ ਪਛਾਣ ਲਈ ਉਸ ਦੀ ਫੋਟੋ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ ਗਈ, ਜਿਸ ਰਾਹੀਂ ਇਕ ਦਿਨ ਵਿਚ ਹੀ ਮ੍ਰਿਤਕ ਵਿਅਕਤੀ ਦੀ ਪਛਾਣ ਹਰਬੰਸ ਸਿੰਘ ਪੁੱਤਰ ਚੰਨਣ ਸਿੰਘ ਵਜੋਂ ਹੋਈ ਸੀ। ਮ੍ਰਿਤਕ ਦੇ ਲੜਕੇ ਰਮਨਦੀਪ ਸਿੰਘ ਦੇ ਬਿਆਨ ਉਪਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਤਰਸਿੱਕਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਐੱਸਐੱਚਓ ਤਰਸਿੱਕਾ ਬਲਰਾਜ ਸਿੰਘ ਵੱਲੋਂ ਫੋਰੈਂਸਿਕ ਸਾਇੰਸ ਅਤੇ ਤਕਨੀਕੀ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਹਰਬੰਸ ਸਿੰਘ ਦਾ ਵੱਡਾ ਲੜਕਾ ਸਤਨਾਮ ਸਿੰਘ ਨਸ਼ੇੜੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਅਕਸਰ ਪਿਤਾ ਪਾਸੋਂ ਪੈਸਿਆਂ ਦੀ ਮੰਗ ਕਰਦਾ ਸੀ ਪਰ ਇਸ ਦਾ ਪਿਤਾ ਆਪਣੇ ਲੜਕੇ ਨੂੰ ਇਸ ਗੱਲ ਤੋਂ ਵਰਜਦਾ ਸੀ ਤੇ ਕੁਝ ਦਿਨ ਪਹਿਲਾਂ ਸਤਨਾਮ ਸਿੰਘ ਨੇ ਆਪਣੇ ਪਿਤਾ ਦੀ ਸਿਲਾਈ ਮਸ਼ੀਨ ਵੇਚ ਕੇ ਨਸ਼ੇ ਦੀ ਪੂਰਤੀ ਕੀਤੀ ਸੀ। 29 ਅਪਰੈਲ ਦੀ ਰਾਤ ਨੂੰ ਸਤਨਾਮ ਸਿੰਘ ਆਪਣੇ ਪਿਤਾ ਨੂੰ ਮਸ਼ੀਨ ਵਾਪਸ ਦਿਵਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਮੋਟਰਸਾਈਕਲ ’ਤੇ ਲੈ ਗਿਆ, ਜਦੋਂ ਹਰਬੰਸ ਸਿੰਘ ਨੂੰ ਆਪਣੇ ਲੜਕੇ ਸਤਨਾਮ ਸਿੰਘ ਤੋਂ ਪਤਾ ਲੱਗਾ ਕਿ ਉਸ ਦੀ ਸਿਲਾਈ ਮਸ਼ੀਨ ਉਸ ਦੇ ਲੜਕੇ ਨੇ ਵੇਚ ਕੇ ਨਸ਼ਾ ਕਰ ਲਿਆ ਤਾਂ ਦੋਵਾਂ ਵਿੱਚ ਤਕਰਾਰ ਹੋ ਗਈ, ਜਿਸ ‘ਤੇ ਸਤਨਾਮ ਸਿੰਘ ਨੇ ਆਪਣੇ ਪਿਤਾ ਹਰਬੰਸ ਸਿੰਘ ਨੂੰ ਨਾਰਾਇਣਗੜ੍ਹ ਦੇ ਬਾਹਰਵਾਰ ਸੜਕ ਦੇ ਨਾਲ ਜਾਂਦੇ ਗੰਦੇ ਨਾਲੇ ਵਿਚ ਕਥਿਤ ਤੌਰ ’ਤੇ ਡੋਬ ਮਾਰ ਦਿੱਤਾ ਅਤੇ ਫ਼ਰਾਰ ਹੋ ਗਿਆ। ਐੱਸਐੱਚਓ ਦੀ ਅਗਵਾਈ ਹੇਠ ਪੁਲੀਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।