ਪੱਤਰ ਪ੍ਰੇਰਕ
ਅੰਮ੍ਰਿਤਸਰ, 13 ਅਪਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਅੰਤਰ-ਵਿਭਾਗੀ ਕਲਾ ਅਤੇ ਸੱਭਿਆਚਾਰਕ ਮੁਕਾਬਲਿਆਂ ਦੇ ਚਾਰ ਰੋਜ਼ਾ ਚੱਲਣ ਵਾਲਾ ਸਮਾਗਮ ‘ਜਸ਼ਨ-2024’ ਇੱਥੇ ਯੁੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ’ਚ ਗਿੱਧੇ ਦੀ ਧਮਾਲ ਨਾਲ ਸਮਾਪਤ ਹੋ ਗਿਆ। ਇਸ ਮੌਕੇ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਹਾਜ਼ਰੀ ਨੇ ਜਸ਼ਨ ਦਾ ਰੰਗ ਦੂਣ ਸਵਾਇਆ ਕਰ ਦਿੱਤਾ। ਜਸ਼ਨ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਯੂਨੀਵਰਸਿਟੀ ਦਾ ਆਰਕੀਟੈਕਚਰ ਵਿਭਾਗ ਪਹਿਲੇ ਸਥਾਨ ’ਤੇ ਰਿਹਾ, ਜਦੋਂ ਕਿ ਇਨ੍ਹਾਂ ਮੁਕਾਬਿਲਆਂ ਵਿੱਚ ਕਾਨੂੰਨ ਵਿਭਾਗ ਦੂਜੇ ਸਥਾਨ ’ਤੇ ਅਤੇ ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ (ਸੀਈਟੀ) ਤੀਜੇ ਸਥਾਨ ’ਤੇ ਰਿਹਾ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਡੀਨ ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ।
ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ (ਯੂ.ਐਸ.ਐਫ.ਐਸ) ਤੋਂ ਜਸਮੀਤ ਸਿੰਘ ਨੂੰ ਮਿਸਟਰ ਜਸ਼ਨ ਅਤੇ ਇਲੈਕਟ੍ਰੌਨਿਕਸ ਟੈਕਨਾਲੋਜੀ ਵਿਭਾਗ ਤੋਂ ਪਰਮੀਤ ਕੌਰ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਮਿਸ ਜਸ਼ਨ ਐਲਾਨਿਆ ਗਿਆ। ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਵੀ ਹਾਜ਼ਰ ਸਨ।