ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 10 ਮਾਰਚ
ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਦੇ ਘਰ ਈ.ਡੀ ਦਾ ਛਾਪਾ ਸਾਬਤ ਕਰਦਾ ਹੈ ਕਿ ਦਿੱਲੀ ਤੇ ਨਾਗਪੁਰ ਕਿਸਾਨ ਸੰਘਰਸ਼ ਦੀ ਕਾਮਯਾਬੀ ਤੋਂ ਘਬਰਾ ਗਿਆ ਹੈ। ਜਥੇਬੰਦੀਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਧਿਰਾਂ ਵੱਲੋਂ ਸਾਰੇ ਦੇਸ਼ ਨੂੰ ਲੁੱਟਣ ਦੇ ਹਥਕੰਡੇ ਵਰਤੇ ਜਾ ਰਹੇ ਹਨ, ਉਹ ਦੁੱਧ ਧੋਤੇ ਸਾਬਤ ਹੋਣ ਲਈ ਈ.ਡੀ, ਸੀ.ਬੀ.ਆਈ ਤੇ ਐਨ.ਆਈ.ਏ ਵਰਗੀਆਂ ਏਜੰਸੀਆਂ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਧਿਰਾਂ ਅੱਜ ਤਕ ਦਿੱਲੀ ਤੋਂ ਪੰਜਾਬ ਨੂੰ ਆਉਂਦਾ ਨਸ਼ਾ ਤਾਂ ਫੜ ਨਹੀਂ ਸਕੀਆਂ ਅਤੇ ਨਾ ਹੀ ਵਿਦੇਸ਼ਾਂ ਨੂੰ ਜਾਂਦਾ ਕਾਲਾ ਧਨ ਰੋਕ ਸਕੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਦੇ ਘਰ ’ਤੇ ਛਾਪੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਖੜ੍ਹਨ ਤੇ ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਸਿੱਟਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰੀ ਏਜੰਸੀਆਂ ਦੇ ਦਾਖਲੇ ਉਪਰ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਅੰਬਾਨੀਆਂ, ਅਡਾਨੀਆਂ ਦੇ ਕਾਰੋਬਾਰਾਂ ’ਤੇ ਪਾਬੰਦੀ ਲਾ ਕੇ ਪੰਜਾਬ ਪੱਖੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵਾਈਟ ਪੇਪਰ ਜਾਰੀ ਕਰਕੇ ਪੰਜਾਬ ਵਿੱਚ ਅੰਬਾਨੀਆਂ, ਅਡਾਨੀਆਂ ਦੇ ਕਾਰੋਬਾਰਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਸੱਚਮੁਚ ਕਿਸਾਨਾਂ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ।