ਪੱਤਰ ਪ੍ਰੇਰਕ
ਅੰਮ੍ਰਿਤਸਰ, 18 ਅਕਤੂਬਰ
ਖਾਲਸਾ ਕਾਲਜ ਦੀ ਤੈਰਾਕੀ ਅਤੇ ਵਾਟਰ ਪੋਲੋ ਦੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਰਵਾਏ ‘ਇੰਟਰ ਕਾਲਜ ਟੂਰਨਾਮੈਂਟ’ ਵਿੱਚ ਓਵਰ ਆਲ ਟਰਾਫੀ ’ਤੇ ਕਬਜ਼ਾ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਵਿਦਿਆਰਥੀ ਬਿਕਰਮ ਦੱਤਾ ਨੇ ‘ਬੈਸਟ ਤੈਰਾਕ’ ਦਾ ਖਿਤਾਬ ਹਾਸਲ ਕਰਦਿਆਂ 8 ਸੋਨੇ ਅਤੇ 3 ਚਾਂਦੀ ਦੇ ਤਗਮੇ ਹਾਸਲ ਕੀਤੇ ਜਦੋਂ ਕਿ ਸੰਦੀਪ ਨੇ 3 ਸੋਨੇ, 1 ਚਾਂਦੀ ਦਾ ਤਗਮਾ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਖਿਡਾਰੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਤੈਰਾਕੀ ਵਿੱਚ ਖ਼ਾਲਸਾ ਕਾਲਜ ਨੇ 112 ਅੰਕਾਂ ਨਾਲ ਜਿੱਤ ਹਾਸਲ ਕਰ ਕੇ ਟਰਾਫ਼ੀ ਜਿੱਤੀ ਹੈ, ਜਿਸ ’ਚ ਉਸ ਨੇ ਡੀਏਵੀ ਕਾਲਜ, ਅੰਮ੍ਰਿਤਸਰ ਅਤੇ ਲਾਇਲਪੁਰ ਖ਼ਾਲਸਾ ਕਾਲਜ ਨੂੰ ਮਾਤ ਦਿੱਤੀ। ਉਨ੍ਹਾਂ ਕਿਹਾ ਕਿ ਹੋਰਨਾਂ ਤੈਰਾਕਾਂ ਵਿੱਚ ਬਿਸ਼ਵਾਜੀਤ ਨੇ 2 ਸੋਨੇ, ਇਕ ਚਾਂਦੀ ਤੇ ਇਕ ਕਾਂਸੇ, ਮੌਂਟਾਜੁਲ ਮੌਲਾ 1 ਸੋਨਾ, ਇਕ ਚਾਂਦੀ ਤੇ 1 ਕਾਂਸੇ, ਆਰੀਅਨ ਦਵੇਸਰ ਨੇ 4 ਸੋਨੇ, ਮਹਾਂਵੀਰ ਨੇ 1 ਸੋਨੇ, ਦਿਵਿਆਸ਼ੂ ਨੇ 1 ਸੋਨਾ, 1 ਚਾਂਦੀ ਤੇ 2 ਕਾਂਸੀ ਅਤੇ ਸਰਤਾਜ ਸਿੰਘ ਨੇ 1 ਚਾਂਦੀ ਅਤੇ 1 ਕਾਂਸੇ ਦਾ ਤਗਮਾ ਹਾਸਲ ਕੀਤਾ। ਇਸੇ ਤਰ੍ਹਾਂ ਵਾਟਰ ਪੋਲੋਂ ਵਿੱਚ ਖ਼ਾਲਸਾ ਕਾਲਜ ਨੇ ਡੀਏਵੀ ਕਾਲਜ, ਅੰਮ੍ਰਿਤਸਰ ਨੂੰ ਮਾਤ ਦੇ ਕੇ 11-7 ਅਤੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੂੰ 10-0 ਦੇ ਫ਼ਰਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।