ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਮਈ
ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀਯ ਵਿਸ਼ਵ ਵਿਦਿਆਲਾ ਦੀ ਇਕਾਈ ਰਾਜ ਯੋਗ ਐਜੂਕੇਸ਼ਨ ਐਂਡ ਰਿਸਰਚ ਫਾਉਂਡੇਸ਼ਨ ਵੱਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਦੇਸ਼ ਭਰ ਵਿੱਚ ਸਵੈਨਿਰਭਰ ਕਿਸਾਨ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਇਥੇ ਕੁਦਰਤੀ ਖੇਤੀ ਨੂੰ ਪ੍ਰੇਰਿਤ ਕਰਨ ਲਈ ਇਕ ਕਿਸਾਨ ਜਨ ਸਭਾ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਇਥੇ ਪਿੰਡ ਸੋਹੀਆਂ ਕਲਾਂ ਵਿਖੇ ਕਿਸਾਨ ਜਨ ਸਭਾ ਕੀਤੀ ਗਈ, ਜਿਸ ਵਿੱਚ ਖੇਤੀ ਵਿਕਾਸ ਅਧਿਕਾਰੀ ਅਸ਼ਵਨੀ ਰਾਮਬਾਣੀ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਹਾਜ਼ਰ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਬਾਰੇ ਪ੍ਰੇਰਿਤ ਕੀਤਾ। ਕਿਸਾਨਾਂ ਨੂੰ ਰਸਾਇਣਕ ਖੇਤੀ ਛੱਡਣ ਲਈ ਅਤੇ ਕੁਦਰਤੀ ਖੇਤੀ ਅਪਨਾਉਣ ਲਈ ਆਖਿਆ ਗਿਆ ਹੈ। ਹਰਿਆਣਾ ਦੇ ਜੀਂਦ ਇਲਾਕੇ ਵਿੱਚੋਂ ਬ੍ਰਹਮਕੁਮਾਰੀ ਸੰਸਥਾ ਦੇ ਆਗੂ ਵਿਜੈ ਭਾਈ ਨੇ ਵੀ ਕਿਸਾਨਾਂ ਨੂੰ ਰਸਾਇਣਕ ਖੇਤੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਕੁਦਰਤੀ ਖੇਤੀ ਮੁਹਿੰਮ ਤਹਿਤ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ। ਬ੍ਰਹਮਕੁਮਾਰੀ ਮੀਨਾ ਭੈਣ ਨੇ ਜੀਂਦ ਵਿਚ ਕੁਦਰਤੀ ਖੇਤੀ ਰਾਹੀਂ ਤਿਆਰ ਫਸਲ ਦੇ ਬਾਰੇ ਜਾਣਕਾਰੀ ਦਿੱਤੀ। ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਵਲੋਂ ਮੁਖ ਦਫਤਰ ਸ਼ਾਂਤੀ ਵਣ ਮਾਊਂਟ ਆਬੂ ਰਾਜਸਥਾਨ ਵਿਖੇ ਕਿਸਾਨਾਂ ਨੂੰ ਸੱਦ ਕੇ ਕੁਦਰਤੀ ਖੇਤੀ ਬਾਰੇ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਸਮਾਗਮ ਮੌਕੇ ਅੰਮ੍ਰਿਤਸਰ ਸੇਵਾ ਕੇਂਦਰ ਦੀ ਇੰਚਾਰਜ ਆਦਰਸ਼ ਭੈਣ , ਡਾ ਸੁਰਯ ਪ੍ਰਕਾਸ਼ ਤੇ ਹੋਰ ਹਾਜ਼ਰ ਸਨ।