ਅੰਮ੍ਰਿਤਸਰ, 13 ਸਤੰਬਰ (ਜਗਤਾਰ ਸਿੰਘ ਲਾਂਬਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 14 ਸਤੰਬਰ ਨੂੰ ਬਿਆਸ ਪੁਲ ਸਮੇਤ ਹੋਰ ਪੁਲਾਂ ’ਤੇ ਆਵਾਜਾਈ ਜਾਮ ਕਰਨ ਦੀ ਯੋਜਨਾ ਹੈ ਅਤੇ ਇਸ ਸਬੰਧੀ ਤਿਆਰੀਆਂ ਵੀ ਕੀਤੀਆਂ ਗਈਆਂ ਹਨ।
ਜਥੇਬੰਦੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਆਦਿ ਨੇ ਆਖਿਆ ਕਿ ਖੇਤੀ ਬਿੱਲ ਰੱਦ ਕਰਾਉਣ ਲਈ 14 ਸਤੰਬਰ ਨੂੰ ਦਰਿਆਈ ਪੁਲ ਜਾਮ ਕੀਤੇ ਜਾਣਗੇ।ਇਸ ਮੌਕੇ ਚਤਰ ਸਿੰਘ, ਕੁਲਬੀਰ ਸਿੰਘ, ਰਣਜੀਤ ਸਿੰਘ, ਰਜਿੰਦਰ ਸਿੰਘ, ਦਵਿੰਦਰ ਸਿੰਘ, ਕਾਲਾ ਸਿੰਘ, ਦਿਲਬਾਗ ਸਿੰਘ ਫੌਜੀ ਤੇ ਹੋਰਨਾਂ ਨੇ ਸੰਬੋਧਨ ਕੀਤਾ।
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਦੋਆਬੇ ਵਿੱਚ ਕਿਸਾਨਾਂ ਜੱਥੇਬੰਦੀਆਂ ਵਿੱਚ ਤਾਲਮੇਲ ਬਿਠਾਉਣ ਵਾਲੇ ਇੱਕ ਕਿਸਾਨ ਆਗੂ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੀਟੰਗ ਕਰਵਾਉਣ ਲਈ ਬੜੇ ਤਰਲੇ ਕੱਢੇ ਸਨ। ਇਸੇ ਲਈ ਉਹ ਕਦੇਂ ਕਿਸਾਨਾਂ ਨੂੰ ਚੰਡੀਗੜ੍ਹ ਵੀ ਸੱਦੇ ਦੇ ਰਹੇ ਸਨ। ਕਿਸਾਨਾਂ ਨੇ ਇੱਕੋ ਸ਼ਰਤ ਰੱਖੀ ਸੀ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਆਰਡੀਨੈਂਸਾਂ ਦਾ ਵਿਰੋਧ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀਆਂ ਗੱਲਾਂ ਦਾ ਇਤਬਾਰ ਕਰਨੋਂ ਹੱਟ ਗਏ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨਰਿੰਦਰ ਤੋਮਰ ਤਾਂ ਇਨ੍ਹਾਂ ਆਰਡੀਨੈਂਸਾਂ ਬਾਰੇ ਕੋਈ ਭਰੋਸਾ ਦੇਣ ਦੀ ਹੈਸੀਅਤ ਹੀ ਨਹੀਂ ਰੱਖਦੇ ਫਿਰ ਸੁਖਬੀਰ ਬਾਦਲ ਦੀ ਚਿੱਠੀ ਦਾ ਕਿਸਾਨ ਕਿਵੇਂ ਇਤਬਾਰ ਕਰਨ।ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲੋਂ ਜਦੋਂ ਕਿਸਾਨਾਂ ਦੇ ਗੁੱਸੇ ਦਾ ਸੇਕ ਨਹੀਂ ਝੱਲ ਹੋਇਆ।ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ 14 ਸਤੰਬਰ ਨੂੰ 10 ਕਿਸਾਨ ਯੂਨੀਅਨਾਂ ਦੀ ਲਲਕਾਰ ਰੈਲੀ ਫਗਵਾੜਾ ਦੀ ਦਾਣਾ ਮੰਡੀ ’ਚ ਹੋਵੇਗੀ ਤੇ 15 ਸਤੰਬਰ ਨੂੰ ਉਨ੍ਹਾਂ ਦੀ ਜੱਥੇਬੰਦੀ ਖੰਡ ਮਿੱਲ ਫਗਵਾੜਾ ’ਚ ਨੈਸ਼ਨਲ ਹਾਈਵੇ ਰੋਕੇਗੀ।
ਕਿਸਾਨਾਂ ਨੇ ਕੀਤਾ ਅੰਦੋਲਨ ਜਾਰੀ ਰੱਖਣ ਦਾ ਤਹੱਈਆ
ਤਰਨ ਤਾਰਨ (ਗੁਰਬਖਸ਼ਪੁਰੀ) ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੰਜਾਬ ਵੱਲੋਂ 7 ਸਤੰਬਰ ਤੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਸ਼ੁਰੂ ਕੀਤੇ ‘ਪੱਕੇ ਮੋਰਚੇ’ ਦੇ ਅੱਜ ਸਤਵੇਂ ਦਿਨ ਜਥੇਬੰਦੀ ਦੇ ਵਰਕਰਾਂ ਨੇ ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਰੈਲੀ ਕੀਤੀ ਅਤੇ ਮੰਗਾਂ ਮੰਨੀ ਜਾਣ ਤੱਕ ਅੰਦੋਲਨ ਦੇ ਰਾਹ ’ਤੇ ਰਹਿਣ ਦਾ ਪ੍ਰਣ ਲਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਫਤਿਹ ਸਿੰਘ ਪਿੱਦੀ, ਸੁਪਰੀਮ ਸਿੰਘ, ਦਰਸਨ ਸਿੰਘ ਅਲਾਵਲਪੁਰ, ਜਾਗੀਰ ਸਿੰਘ ਚੁਤਾਲਾ ਨੇ ਸੰਬੋਧਨ ਕੀਤਾ| ਬੁਲਾਰਿਆਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਜਾਣ ਵਾਲੇ ਤਿੰਨ ਆਰਡੀਨੈਂਸਾਂ ਨਾਲ ਦੇਸ਼ ਦੀ ਆਰਥਿਕਤਾ ਦੇ ਬਰਬਾਦ ਹੋਣ ਦਾ ਖਦਸ਼ਾ ਜ਼ਾਹਰ ਕੀਤਾ| ਬੁਲਾਰਿਆਂ 14 ਸਤੰਬਰ ਨੂੰ ਸੂਬੇ ਦੇ ਮੁੱਖ ਪੁਲਾਂ ’ਤੇ ਧਰਨੇ ਦੇਣ ਲਈ ਕਿਸਾਨਾਂ-ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈੇ।