ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਮਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਨੇ ਯੂਨੀਵਰਸਿਟੀ ਦੇ ਕੁਲਪਤੀ ਅਤੇ ਸੂਬੇ ਦੇ ਰਾਜਪਾਲ ਨੂੰ ਇੱਕ ਪੱਤਰ ਭੇਜ ਕੇ ਯੂਨੀਵਰਸਿਟੀ ਵਿੱਚ ਕੀਤੀਆਂ ਕੁੱਝ ਨਿਯੁਕਤੀਆਂ ਉੱਤੇ ਕਿੰਤੂ-ਪ੍ਰੰਤੂ ਕੀਤਾ ਹੈ। ਐਸੋਸੀਏਸ਼ ਨੇ ਇਸ ਮਾਮਲੇ ਵਿੱਚ ਦਖ਼ਲ ਦੀ ਮੰਗ ਕੀਤੀ ਹੈ।
ਇਹ ਪੱਤਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਲਖਵਿੰਦਰ ਸਿੰਘ ਅਤੇ ਸਕੱਤਰ ਪ੍ਰੋਫੈਸਰ ਐੱਨਪੀਐੱਸ ਸੈਣੀ ਵੱਲੋਂ ਭੇਜਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਵਰਸਿਟੀ ਵਿੱਚ ਇਕ ਡੀਨ ਦੀ ਕੀਤੀ ਗਈ ਨਿਯੁਕਤੀ ਗ਼ੈਰ-ਸੰਵਿਧਾਨਕ ਹੈ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਕਰੀਅਰ ਐਡਵਾਂਸਮੈਂਟ ਸਕੀਮ ਹੇਠ ਇਕ ਸ਼ਰਤ ਤਹਿਤ ਕੀਤੀ ਗਈ ਸੀ ਜੋ ਹੁਣ ਤੱਕ ਪੂਰੀ ਨਹੀਂ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਅਧਿਕਾਰੀ ਪ੍ਰੋਫੈਸਰ ਨਾ ਹੋਣ ਦੇ ਬਾਵਜੂਦ ਪ੍ਰੋਫੈਸਰ ਦੇ ਅਹੁਦੇ ਦੇ ਇਲਾਵਾ ਹੋਰ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਮਾਣ ਰਿਹਾ ਹੈ ਜੋ ਕਿ ਗ਼ੈਰ-ਸੰਵਿਧਾਨਕ ਹੈ।
ਐਸੋਸੀਏਸ਼ਨ ਵੱਲੋਂ ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਨਿਯੁਕਤੀ ਉੱਤੇ ਵੀ ਕਿੰਤੂ-ਪ੍ਰੰਤੂ ਕਰਦਿਆਂ ਇਸ ਨੂੰ ਗ਼ੈਰਕਾਨੂੰਨੀ ਆਖਿਆ ਗਿਆ ਸੀ। ਇਸ ਸਬੰਧ ਵਿੱਚ ਮੁੱਖ ਮੰਤਰੀ ਅਤੇ ਰਾਜਪਾਲ ਦੋਵਾਂ ਨੂੰ ਕਾਰਵਾਈ ਲਈ ਪੱਤਰ ਭੇਜੇ ਗਏ ਸਨ।
ਹੁਣ ਰਾਜਪਾਲ ਨੂੰ ਮੁੜ ਭੇਜੇ ਪੱਤਰ ਵਿੱਚ ਡੀਨ ਦੀ ਨਿਯੁਕਤੀ ਦੇ ਮਾਮਲੇ ਵਿੱਚ ਦਖ਼ਲ ਦੇਣ ਅਤੇ ਗ਼ੈਰਕਾਨੂੰਨੀ ਨਿਯੁਕਤੀਆਂ ਰੱਦ ਕਰ ਕੇ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ।