ਲਖਨਪਾਲ ਸਿੰਘ
ਮਜੀਠਾ, 10 ਸਤੰਬਰ
ਹਲਕਾ ਮਜੀਠਾ ਦੇ ਪਿੰਡ ਅਠਵਾਲ ਵਿੱਚ ਸ਼ੁੱਕਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਕਿਸਾਨ ਦੀ ਬੰਬੀ (ਟਿਊਬਵੈੱਲ) ਦੇ ਕਮਰੇ ਵਿੱਚ ਅੱਗ ਲੱਗ ਗਈ। ਅਠਵਾਲ ਵਾਸੀ ਤਨਵੀਰਪਾਲ ਸਿੰਘ ਪੁੱਤਰ ਹਰਦੇਵ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਤੇਜ਼ ਬਾਰਸ਼ ਹੋਣ ਕਾਰਨ ਉਹ ਅੱਜ ਆਪਣੇ ਖੇਤਾਂ ਵਿੱਚ ਨਹੀਂ ਸੀ ਜਾ ਸਕਿਆ। ਪਿੰਡ ਵਾਸੀਆਂ ਪਾਸੋਂ ਪਤਾ ਲੱਗਣ ’ਤੇ ਉਸ ਨੇ ਖੇਤ ਜਾ ਕੇ ਦੇਖਿਆ ਕਿ ਉਸ ਦੀ ਬੰਬੀ ਵਾਲੇ ਕਮਰੇ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ, ਜਿਹੜੀ ਕਿ ਅੱਜ ਸਵੇਰੇ ਅਸਮਾਨੀ ਬਿਜਲੀ ਉਸ ਦੀ ਬੰਬੀ ਵਾਲੇ ਕਮਰੇ ਤੇ ਡਿੱਗਣ ਕਾਰਣ ਬੰਬੀ ਦੇ ਸਟਾਰਟਰ ਤੋਂ ਲੱਗੀ ਸੀ। ਅੱਗ ਲੱਗਣ ਨਾਲ ਕਮਰੇ ਦੀਆਂ ਕੰਧਾਂ ਪਾਟਣ ਤੋਂ ਬਾਅਦ ਛੱਤ ਸਮੇਤ ਡਿੱਗ ਗਈਆਂ। ਕਮਰੇ ਦੇ ਅੰਦਰ ਪਏ ਸਬਜ਼ੀ ਰੱਖਣ ਵਾਲੇ ਕਰੀਬ 300 ਕਰੇਟ ਅੱਗ ਕਾਰਨ ਸੜ ਗਏ। ਪਿੰਡ ਦੇ ਲੋਕਾਂ ਮੁਤਾਬਕ ਬਿਜਲੀ ਡਿੱਗਣ ਨਾਲ ਜ਼ੋਰਦਾਰ ਧਮਾਕਾ ਵੀ ਹੋਇਆ ਸੀ। ਤਨਵੀਰਪਾਲ ਸਿੰਘ ਅਨੁਸਾਰ ਇਸ ਘਟਨਾ ਨਾਲ ਉਸ ਦਾ ਭਾਰੀ ਵਿੱਤੀ ਨਕੁਸਾਨ ਹੋ ਗਿਆ ਹੈ।